ਟੀਮ ਇੰਡੀਆ ਦੇ ਕੋਚ ਦੀ ਦੌੜ ''ਚ ਮੂਡੀ ਅਤੇ ਮਹੇਲਾ ਵੀ

07/31/2019 10:20:17 PM

ਮੁੰਬਈ— ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਟੀਮ ਇੰਡੀਆ ਦੇ ਨਵੇਂ ਕੋਚ ਲਈ ਰਵੀ ਸ਼ਾਸਤਰੀ ਨੂੰ ਹੀ ਬਰਕਰਾਰ ਰੱਖਣ ਦੀ ਸਿਫਾਰਿਸ਼ ਕਰ ਚੁੱਕਾ ਹੈ। ਦੂਜੇ ਪਾਸੇ ਇਸ ਵੱਕਾਰੀ ਅਹੁਦੇ ਲਈ ਆਸਟਰੇਲੀਆ ਦੇ ਟਾਮ ਮੂਡੀ ਅਤੇ ਸ਼੍ਰੀਲੰਕਾ ਦੇ ਮਹੇਲਾ ਜੈਵਰਧਨੇ ਵੀ ਦਾਅਵੇਦਾਰੀ ਦੀ ਦੌੜ ਵਿਚ ਸ਼ਾਮਲ ਹਨ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਨਵੇਂ ਕੋਚ ਲਈ ਅਰਜ਼ੀਆਂ ਮੰਗੀਆਂ ਸਨ। ਇਸ ਦੀ ਸਮਾਂ ਹੱਦ ਮੰਗਲਵਾਰ  ਖਤਮ ਹੋ ਗਈ। ਮੌਜੂਦਾ ਕੋਚ ਰਵੀ ਸ਼ਾਸਤਰੀ ਅਤੇ ਹੋਰ ਸਪੋਰਟ ਸਟਾਫ ਦਾ ਕਰਾਰ ਵਿਸ਼ਵ ਕੱਪ ਤੋਂ ਬਾਅਦ ਖਤਮ ਹੋ ਗਿਆ ਸੀ ਪਰ ਬੀ. ਸੀ. ਸੀ. ਆਈ. ਨੇ ਸਪੋਰਟ ਸਟਾਫ ਨੂੰ 45 ਦਿਨ ਦਾ ਵਿਸਤਾਰ ਦਿੰਦੇ ਹੋਏ ਵੈਸਟਇੰਡੀਜ਼ ਦੌਰੇ ਤੱਕ ਆਪਣੇ ਅਹੁਦਿਆਂ 'ਤੇ ਬਣੇ ਰਹਿਣ ਲਈ ਕਿਹਾ ਹੈ।
ਵੈਸਟਇੰਡੀਜ਼ ਰਵਾਨਾ ਹੋਣ ਤੋਂ ਪਹਿਲਾਂ ਕਪਤਾਨ ਵਿਰਾਟ ਨੇ ਸ਼ਾਸਤਰੀ ਦੀ ਮੌਜੂਦਗੀ ਵਿਚ ਪ੍ਰੈੱਸ ਕਾਨਫਰੰਸ ਵਿਚ ਹੀ ਕਹਿ ਦਿੱਤਾ ਸੀ ਕਿ ਜੇਕਰ ਰਵੀ ਭਰਾ ਇਸ ਅਹੁਦੇ 'ਤੇ ਬਣੇ ਰਹਿੰਦੇ ਹਨ ਤਾਂ ਉਸ ਨੂੰ ਬਹੁਤ ਖੁਸ਼ੀ ਹੋਵੇਗੀ। ਵਿਰਾਟ ਦਾ ਇਹ ਵੀ ਕਹਿਣਾ ਸੀ ਕਿ ਸ਼ਾਸਤਰੀ ਦਾ ਟੀਮ ਇੰਡੀਆ ਵਿਚ ਕਾਫੀ ਸਨਮਾਨ ਹੈ। ਉਹ ਚਾਹੇਗਾ ਕਿ ਸ਼ਾਸਤਰੀ ਹੀ ਕੋਚ ਬਣੇ ਰਹਿਣ। ਇਸ ਸਬੰਧੀ ਹਾਲਾਂਕਿ ਆਖਰੀ ਫੈਸਲਾ ਕੋਚ ਚੁਣਨ ਲਈ ਬਣੀ 3 ਮੈਂਬਰੀ ਕਮੇਟੀ ਹੀ ਕਰੇਗੀ। ਇਨ੍ਹਾਂ ਵਿਚ ਕਪਿਲ ਦੇਵ, ਸਾਬਕਾ ਓਪਨਰ ਅੰਸ਼ੁਮਨ ਗਾਇਕਵਾੜ ਅਤੇ ਸਾਬਕਾ ਮਹਿਲਾ ਕ੍ਰਿਕਟਰ ਸ਼ਾਂਤਾ ਰੰਗਾਸਵਾਮੀ ਹਨ। ਕਮੇਟੀ ਅਗਸਤ ਦੇ ਮੱਧ 'ਚ ਉਮੀਦਵਾਰਾਂ ਦੀ ਇੰਟਰਵਿਊ ਲਵੇਗੀ ਅਤੇ ਆਪਣੀ ਸਿਫਾਰਿਸ਼ ਬੀ. ਸੀ. ਸੀ. ਆਈ. ਨੂੰ ਸੌਂਪੇਗੀ।


Gurdeep Singh

Content Editor

Related News