WTC ਫ਼ਾਈਨਲ ਤੇ ਇੰਗਲੈਂਡ ਖ਼ਿਲਾਫ਼ ਸੀਰੀਜ਼ ’ਚ ਜਿੱਤ ਹਾਸਲ ਕਰ ਸਕਦੀ ਹੈ ਟੀਮ ਇੰਡੀਆ : ਸੰਮੀ

05/17/2021 1:59:54 PM

ਸਪੋਰਟਸ ਡੈਸਕ— ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੂੰ ਲਗਦਾ ਹੈ ਕਿ ਟੀਮ ਜੇਕਰ ਪਿਛਲੇ 6 ਮਹੀਨਿਆਂ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਦੁਹਰਾਉਣ ’ਚ ਕਾਮਯਾਬ ਰਹਿੰਦੀ ਹੈ ਤਾਂ ਇੰਗਲੈਂਡ ਦੌਰਾ ਵੀ ਉਨ੍ਹਾਂ ਲਈ ਸਫਲ ਹੋਵੇਗਾ। ਭਾਰਤੀ ਟੀਮ 2 ਜੂਨ ਨੂੰ ਸਾਢੇ ਤਿੰਨ ਮਹੀਨਿਆਂ ਦੇ ਇੰਗਲੈਂਡ ਦੌਰੇ ਲਈ ਰਵਾਨਾ ਹੋਵੇਗੀ ਜਿੱਥੇ ਉਹ 6 ਟੈਸਟ ਮੈਚ ਖੇਡੇਗੀ। ਇਸ ’ਚ ਨਿਊਜ਼ੀਲੈਂਡ ਖ਼ਿਲਾਫ਼ 18 ਜੂਨ ਤੋਂ ਸ਼ੁਰੂ ਹੋਣ ਵਾਲਾ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫ਼ਾਈਨਲ ਵੀ ਸ਼ਾਮਲ ਹੈ। ਇਸ ਤੋਂ ਬਾਅਦ ਭਾਰਤ ਚਾਰ ਅਗਸਤ ਤੋਂ ਇੰਗਲੈਂਡ ਖ਼ਿਲਾਫ਼ ਪੰਜ ਟੈਸਟ ਮੈਚਾਂ ਦੀ ਸੀਰੀਜ਼ ਖੇਡੇਗਾ।

ਇਸ ਤੇਜ਼ ਗੇਂਦਬਾਜ਼ ਨੇ ਕਿਹਾ, ‘‘ਅਸੀਂ ਟੀਮ ਦੇ ਤੌਰ ’ਤੇ ਹਾਲ ਹੀ ’ਚ ਸ਼ਾਨਦਾਰ ਕ੍ਰਿਕਟ ਖੇਡੀ ਹੈ ਤੇ ਯਕੀਨੀ ਤੌਰ ’ਤੇ ਇੰਗਲੈਂਡ ਦੌਰੇ ਤੋਂ ਪਹਿਲਾਂ ਸਾਡਾ ਮਨੋਬਲ ਵਧਿਆ ਹੋਇਆ ਹੈ।’’ ਅਜੇ ਤਕ 50 ਟੈਸਟ ਮੈਚਾਂ ’ਚ 180 ਵਿਕਟਾਂ ਲੈਣ ਵਾਲੇ ਸ਼ੰਮੀ ਨੇ ਕਿਹਾ, ‘‘ਜੇਕਰ ਅਸੀਂ ਪਿਛਲੇ 6 ਮਹੀਨਿਆਂ ਦੀ ਲੈਅ ਨੂੰ ਦੁਹਰਾਉਣ ’ਚ ਸਫਲ ਰਹਿੰਦੇ ਹਾਂ ਤਾਂ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਦੌਰਾ ਸਾਡੇ ਲਈ ਸ਼ਾਨਦਾਰ ਹੋਵੇਗਾ।’’

ਆਸਟਰੇਲੀਆ ਖ਼ਿਲਾਫ਼ ਐਡੀਲੇਡ ਟੈਸਟ ’ਚ ਕਲਾਈ ’ਚ ਸੱਟ ਲੱਗਣ ਕਾਰਨ ਲਗਾਤਾਰ 7 ਮੈਚ ਨਹੀਂ ਖੇਡ ਸਕਣ ਵਾਲੇ ਸ਼ੰਮੀ ਜਾਣਦੇ ਹਨ ਕਿ ਉਹ ਹਮੇਸ਼ਾ ਨਹੀਂ ਖੇਡ ਸਕਦੇ ਅਤੇ ਇਹੋ ਕਾਰਨ ਹੈ ਕਿ ਯੁਵਾ ਪੀੜ੍ਹੀ ਨੂੰ ਕ੍ਰਿਕਟ ਦੀਆਂ ਬਾਰੀਕੀਆਂ ਨੂੰ ਸਿਖਾਉਣਾ ਚਾਹੁੰਦੇ ਹਨ। ਸ਼ੰਮੀ ਨੇ ਕਿਹਾ, ‘‘ਅਜਿਹਾ ਆਪ ਹੀ ਹੁੰਦਾ ਹੈ। ਇੰਨੇ ਸਾਲਾਂ ’ਚ ਕੌਮਾਂਤਰੀ ਕ੍ਰਿਕਟ ’ਚ ਹੋਣ ਦੇ ਬਾਅਦ ਮੈਂ ਨੌਜਵਾਨਾਂ ਨੂੰ ਕ੍ਰਿਕਟ ਦੀਆਂ ਬਾਰੀਕੀਆਂ ਸਿਖਾਉਣਾ ਪਸੰਦ ਕਰਾਂਗਾ। ਮੈਂ ਹਮੇਸ਼ਾ ਨਹੀਂ ਖੇਡਾਂਗਾ। ਇਸ ਲਈ ਜੇਕਰ ਮੈਂ ਨੌਜਵਾਨਾਂ ਨੂੰ ਕ੍ਰਿਕਟ ਦੇ ਗੁਰ ਸਿਖਾਉਂਦਾ ਹਾਂ ਇਹ ਚੰਗਾ ਹੋਵੇਗਾ।’’

 

Tarsem Singh

This news is Content Editor Tarsem Singh