ਆਖਰੀ ਓਵਰ ''ਚ ਮੁਹੰਮਦ ਸ਼ੰਮੀ ਨੇ ਦਿਵਾਈ ਭਾਰਤ ਨੂੰ ਜਿੱਤ, ਆਸਟ੍ਰੇਲੀਆ ਨੂੰ 6 ਦੌੜਾਂ ਨਾਲ ਹਰਾਇਆ

10/17/2022 2:15:08 PM

ਗਾਬਾ : ਆਸਟ੍ਰੇਲੀਆ ਖਿਲਾਫ ਪਹਿਲੇ ਅਭਿਆਸ ਮੈਚ 'ਚ ਭਾਰਤ ਨੇ ਮੁਹੰਮਦ ਸ਼ੰਮੀ ਦੇ ਦਮਦਾਰ ਆਖਰੀ ਓਵਰ ਦੀ ਬਦੌਲਤ 6 ਦੌੜਾਂ ਨਾਲ ਮੈਚ ਜਿੱਤ ਲਿਆ। ਆਸਟ੍ਰੇਲੀਆ ਨੂੰ ਆਖਰੀ ਓਵਰ 'ਚ 11 ਦੌੜਾਂ ਦੀ ਲੋੜ ਸੀ ਪਰ ਸ਼ੰਮੀ ਨੇ ਆਖਰੀ ਓਵਰ 'ਚ ਸਿਰਫ 4 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕਰਦੇ ਹੋਏ ਆਸਟ੍ਰੇਲੀਆ ਨੂੰ 180 ਦੌੜਾਂ 'ਤੇ ਢੇਰ ਕਰ ਦਿੱਤਾ। ਇਸ ਤੋਂ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਕੇ. ਐੱਲ. ਰਾਹੁਲ (57) ਅਤੇ ਸੂਰਯਕੁਮਾਰ ਯਾਦਵ (50) ਦੇ ਧਮਾਕੇਦਾਰ ਅਰਧ ਸੈਂਕੜਿਆਂ ਦੀ ਮਦਦ ਨਾਲ ਆਸਟਰੇਲੀਆ ਦੇ ਸਾਹਮਣੇ 187 ਦੌੜਾਂ ਦਾ ਟੀਚਾ ਰੱਖਿਆ। 

ਟਾਸ ਹਾਰ ਕੇ ਬੱਲੇਬਾਜ਼ੀ ਕਰਨ ਉਤਰੇ ਭਾਰਤ ਨੇ ਪਾਰੀ ਦੀ ਧਮਾਕੇਦਾਰ ਸ਼ੁਰੂਆਤ ਕੀਤੀ। ਕਪਤਾਨ ਰੋਹਿਤ ਸ਼ਰਮਾ ਇਕ ਸਿਰੇ 'ਤੇ ਸ਼ਾਂਤ ਰਹੇ, ਜਦਕਿ ਰਾਹੁਲ ਨੇ ਸ਼ਾਨਦਾਰ ਪਾਰੀ ਖੇਡਦੇ ਹੋਏ ਛੇਵੇਂ ਓਵਰ 'ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਦੋਵਾਂ ਨੇ ਪਹਿਲੀ ਵਿਕਟ ਲਈ 48 ਗੇਂਦਾਂ 'ਤੇ 78 ਦੌੜਾਂ ਦੀ ਸਾਂਝੇਦਾਰੀ ਕੀਤੀ, ਜਦਕਿ ਰਾਹੁਲ ਨੇ ਆਊਟ ਹੋਣ ਤੋਂ ਪਹਿਲਾਂ 33 ਗੇਂਦਾਂ 'ਤੇ ਛੇ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 57 ਦੌੜਾਂ ਬਣਾਈਆਂ। ਕੁਝ ਸਮੇਂ ਬਾਅਦ ਰੋਹਿਤ ਵੀ 14 ਗੇਂਦਾਂ 'ਚ 15 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਏ। 

ਇਹ ਵੀ ਪੜ੍ਹੋ : ਵਿਸ਼ਵ ਚੈਂਪੀਅਨਸ਼ਿਪ 'ਚ ਭਾਰਤ ਨੇ ਜਿੱਤਿਆ ਗੋਲਡ, ਰੁਦਰਾਕਸ਼-ਅਰਜੁਨ-ਕਿਰਨ ਦੀ ਤਿਕੜੀ ਨੇ ਚੀਨ ਨੂੰ ਦਿੱਤੀ ਮਾਤ

ਉਸ ਸਮੇਂ ਭਾਰਤ ਦਾ ਸਕੋਰ ਸੱਤ ਓਵਰਾਂ ਵਿੱਚ 75 ਦੌੜਾਂ ਸੀ ਪਰ ਇਸ ਤੋਂ ਬਾਅਦ ਪਾਰੀ ਦੀ ਰਫ਼ਤਾਰ ਮੱਠੀ ਹੋ ਗਈ। ਵਿਰਾਟ ਕੋਹਲੀ ਨੇ ਸੂਰਯਕੁਮਾਰ ਯਾਦਵ ਨਾਲ ਤੀਜੇ ਵਿਕਟ ਲਈ 42 ਦੌੜਾਂ ਜੋੜੀਆਂ ਪਰ ਕੋਹਲੀ (19), ਹਾਰਦਿਕ ਪੰਡਯਾ (02) ਅਤੇ ਦਿਨੇਸ਼ ਕਾਰਤਿਕ (20) ਇਕ ਤੋਂ ਬਾਅਦ ਇਕ ਆਊਟ ਹੋ ਗਏ। ਇਸ ਤੋਂ ਬਾਅਦ ਸੂਰਯਕੁਮਾਰ ਨੇ ਪਾਰੀ ਦੀ ਰਫ਼ਤਾਰ ਬਦਲੀ ਅਤੇ 32 ਗੇਂਦਾਂ 'ਤੇ ਛੇ ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਸੂਰਯਕੁਮਾਰ ਆਖ਼ਰੀ ਓਵਰ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕਰਦੇ ਹੀ ਆਊਟ ਹੋ ਗਏ, ਜਿਸ ਤੋਂ ਬਾਅਦ ਰਵੀਚੰਦਰਨ ਅਸ਼ਵਿਨ ਨੇ ਛੱਕਾ ਜੜ ਕੇ ਭਾਰਤ ਨੂੰ 20 ਓਵਰਾਂ ਵਿੱਚ 186/7 ਤੱਕ ਪਹੁੰਚਾ ਦਿੱਤਾ। ਆਸਟਰੇਲੀਆ ਲਈ ਕੇਨ ਰਿਚਰਡਸਨ ਨੇ ਚਾਰ ਓਵਰਾਂ ਵਿੱਚ 30 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਇਸ ਤੋਂ ਇਲਾਵਾ ਮਿਸ਼ੇਲ ਸਟਾਲਕਰ, ਗਲੇਨ ਮੈਕਸਵੈੱਲ ਅਤੇ ਐਸ਼ਟਨ ਐਗਰ ਨੂੰ ਇਕ-ਇਕ ਵਿਕਟ ਮਿਲੀ।

ਟੀਚੇ ਦਾ ਪਿੱਛਾ ਕਰਨ ਉਤਰੀ ਆਸਟਰੇਲੀਆ ਦੇ ਬੱਲੇਬਾਜ਼ਾਂ ਨੇ ਸ਼ਾਨਦਾਰ ਸ਼ੁਰੂਆਤ ਕੀਤੀ। ਓਪਨਿੰਗ ਦੇ ਤੌਰ 'ਤੇ ਆਏ ਆਰੋਨ ਫਿੰਚ ਨੇ 54 ਗੇਂਦਾਂ 'ਚ 76 ਦੌੜਾਂ ਦੀ ਪਾਰੀ ਖੇਡੀ, ਜਦਕਿ ਮਿਸ਼ੇਲ ਮਾਰਸ਼ ਨੇ 18 ਗੇਂਦਾਂ 'ਤੇ 35 ਦੌੜਾਂ ਦੀ ਪਾਰੀ ਖੇਡੀ। ਇਨ੍ਹਾਂ ਦੋਨਾਂ ਬੱਲੇਬਾਜ਼ਾਂ ਤੋਂ ਇਲਾਵਾ ਆਸਟ੍ਰੇਲੀਆ ਦੀ ਬੱਲੇਬਾਜ਼ੀ ਫਲਾਪ ਰਹੀ। ਸਟੀਵ ਸਮਿਥ 11 ਦੌੜਾਂ ਅਤੇ ਗਲੇਨ ਮੈਕਸਵੈੱਲ 23 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਏ। ਉਨ੍ਹਾਂ ਤੋਂ ਇਲਾਵਾ ਕੋਈ ਵੀ ਆਸਟ੍ਰੇਲੀਆਈ ਬੱਲੇਬਾਜ਼ 10 ਦੇ ਅੰਕੜੇ ਨੂੰ ਵੀ ਨਹੀਂ ਛੂਹ ਸਕਿਆ। ਭਾਰਤ ਲਈ ਸ਼ੰਮੀ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ, ਜਦਕਿ ਭੁਵਨੇਸ਼ਵਰ ਕੁਮਾਰ ਨੇ 2 ਵਿਕਟਾਂ ਲਈਆਂ। ਅਰਸ਼ਦੀਪ ਸਿੰਘ, ਹਰਸ਼ਲ ਪਟੇਲ ਅਤੇ ਯੁਜਵੇਂਦਰ ਚਾਹਲ ਨੇ ਇੱਕ-ਇੱਕ ਵਿਕਟ ਲਈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh