ਜਡੇਜਾ ਨੂੰ ਆਰਾਮ ਦੇਣ ''ਤੇ ਅਜ਼ਹਰ ਨੇ ਚੁੱਕੇ ਸਵਾਲ, ਕਿਹਾ ਟੀਮ ''ਚ ਹੈ ਇਹ ਕਮੀ

09/12/2017 10:38:22 AM

ਨਵੀਂ ਦਿੱਲੀ— ਆਸਟਰੇਲੀਆ ਖਿਲਾਫ 17 ਸਤੰਬਰ ਤੋਂ ਸ਼ੁਰੂ ਹੋ ਰਹੀ ਪੰਜ ਮੈਚਾਂ ਦੀ ਵਨਡੇ ਸੀਰੀਜ਼ ਦੇ ਸ਼ੁਰੂਆਤੀ ਤਿੰਨ ਮੈਚਾਂ ਦੇ ਲਈ ਟੀਮ ਇੰਡੀਆ ਦੀ ਚੋਣ 'ਤੇ ਸਵਾਲ ਚੁੱਕੇ ਜਾ ਰਹੇ ਹਨ। ਟੀਮ 'ਚ ਸ਼੍ਰੀਲੰਕਾ ਦੌਰੇ 'ਤੇ ਆਰਾਮ ਦੇਣ ਦੇ ਨਾਂ 'ਤੇ ਟੀਮ ਤੋਂ ਬਾਹਰ ਚਲ ਰਹੇ ਉਮੇਸ਼ ਯਾਦਵ, ਮੁਹੰਮਦ ਸ਼ਮੀ, ਰਵੰਦਰ ਜਡੇਜਾ ਅਤੇ ਰਵੀਚੰਦਰਨ ਅਸ਼ਵਿਨ 'ਚੋਂ ਯਾਦਵ ਅਤੇ ਸ਼ਮੀ ਦੀ ਆਸਟਰੇਲੀਆ ਦੇ ਖਿਲਾਫ ਟੀਮ 'ਚ ਵਾਪਸੀ ਹੋਈ ਹੈ ਪਰ ਅਸ਼ਵਿਨ ਅਤੇ ਜਡੇਜਾ ਨੂੰ ਇਕ ਵਾਰ ਫਿਰ ਆਰਾਮ ਦੇਣ ਦੇ ਨਾਂ ਤੋਂ ਬਾਹਰ ਰੱਖਿਆ ਗਿਆ ਹੈ।

ਸਾਬਕਾ ਕਪਤਾਨ ਮੁਹੰਮਦ ਅਜ਼ਹਰੂਦੀਨ ਨੇ ਆਸਟਰੇਲੀਆ ਦੇ ਖਿਲਾਫ ਇਕ ਮਹੱਤਵਪੂਰਨ ਸੀਰੀਜ਼ ਤੋਂ ਪਹਿਲਾਂ ਮਹੱਤਵਪੂਰਨ ਖਿਡਾਰੀਆਂ ਨੂੰ ਆਰਾਮ ਦਿੱਤੇ ਜਾਣ ਦੀ ਰਣਨੀਤੀ 'ਤੇ ਸਵਾਲ ਚੁੱਕੇ ਹਨ। ਅਜ਼ਹਰ ਨੇ ਕਿਹਾ, ਅਸ਼ਵਿਨ ਕਾਊਂਟੀ ਕ੍ਰਿਕਟ ਖੇਡ ਰਹੇ ਹਨ ਅਤੇ ਇਹ ਗੱਲ ਚੰਗੀ ਹੈ। ਕਾਊਂਟੀ ਦਾ ਤਜਰਬਾ ਯਕੀਨੀ ਤੌਰ 'ਤੇ ਉਨ੍ਹਾਂ ਦੇ ਆਤਮਵਿਸ਼ਵਾਸ ਨੂੰ ਵਧਾਵੇਗਾ। ਪਰ ਜੇਕਰ ਮੈਂ ਕਪਤਾਨ ਹੁੰਦਾ ਤਾਂ ਅਸ਼ਵਿਨ ਅਤੇ ਜਡੇਜਾ ਨੂੰ ਆਸਟਰੇਲੀਆ ਦੇ ਖਿਲਾਫ ਇਸ ਸੀਰੀਜ਼ 'ਚ ਜ਼ਰੂਰ ਖਿਡਾਉਂਦਾ। ਜਦੋਂ ਅਜ਼ਹਰ ਤੋਂ ਪੁੱਛਿਆ ਗਿਆ ਕਿ ਟੀਮ 'ਚ ਕਿਸ ਗੱਲ ਦੀ ਕਮੀ ਹੈ ਤਾਂ ਉਨ੍ਹਾਂ ਕਿਹਾ, ਸੁਰੇਸ਼ ਰੈਨਾ ਦੀ ਟੀਮ ਦੇ ਮਿਡਲ ਆਰਡਰ 'ਚ ਵਾਪਸੀ ਹੋਣੀ ਚਾਹੀਦੀ ਹੈ। ਉਹ ਤਜਰਬੇਕਾਰ ਖਿਡਾਰੀ ਹਨ ਅਤੇ ਉਨ੍ਹਾਂ ਦਾ ਵਨਡੇ 'ਚ ਚੰਗਾ ਟ੍ਰੈਕ ਰਿਕਾਰਡ ਵੀ ਹੈ।