ਸੰਨਿਆਸ ਦੇ ਬਾਅਦ ਪਾਕਿ ''ਚ ਨਹੀਂ ਰਹਿਣਾ ਚਾਹੁੰਦੇ ਮੁਹੰਮਦ ਆਮਿਰ, ਬ੍ਰਿਟੇਨ ਤੋਂ ਮੰਗੀ ਨਾਗਰਿਕਤਾ

07/28/2019 2:22:02 PM

ਸਪੋਰਟਸ ਡੈਸਕ— ਹਾਲ ਹੀ 'ਚ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਵਾਲੇ ਪਾਕਿਸਤਾਨ ਦੇ ਖੱਬੇ ਹੱਥ ਦੇ ਬੱਲੇਬਾਜ਼ ਮੁਹੰਮਦ ਆਮਿਰ ਬ੍ਰਿਟਿਸ਼ ਪਾਸਪੋਰਟ ਹਾਸਲ ਕਰਨ ਅਤੇ ਬ੍ਰਿਟੇਨ ਦੇ ਵਸਨੀਕ ਬਣਨ ਦੀ ਯੋਜਨਾ ਬਣਾ ਰਹੇ ਹਨ। ਇਕ ਸੂਤਰ ਨੇ ਇਸ ਦੀ ਜਾਣਕਾਰੀ ਦਿੱਤੀ।

ਆਮਿਰ ਨੇ ਸਤੰਬਰ 2016 'ਚ ਇਕ ਬ੍ਰਿਟਿਸ਼ ਨਾਗਰਿਕ ਨਰਗਿਸ ਮਲਿਕ ਨਾਲ ਵਿਆਹ ਕੀਤਾ ਸੀ ਅਤੇ ਉਹ ਜੀਵਨਸਾਥੀ (ਸਪਾਊਜ਼) ਵੀਜ਼ਾ ਦੇ ਯੋਗ ਹੈ ਜੋ ਉਨ੍ਹਾਂ ਨੂੰ 30 ਮਹੀਨੇ ਲਈ ਇੰਗਲੈਂਡ 'ਚ ਰਹਿਣ ਦੀ ਇਜਾਜ਼ਤ ਦਿੰਦਾ ਹੈ। ਇਸ ਦੀ ਜਾਣਕਾਰੀ ਰਖਣ ਵਾਲੇ ਇਕ ਸੂਤਰ ਨੇ ਕਿਹਾ, ''ਉਹ ਯਕੀਨੀ ਤੌਰ 'ਤੇ ਬ੍ਰਿਟਿਸ਼ ਪਾਸਪੋਰਟ ਪ੍ਰਾਪਤ ਕਰਨ ਅਤੇ ਭਵਿੱਖ 'ਚ ਸਥਾਈ ਤੌਰ 'ਤੇ ਇੰਗਲੈਂਡ 'ਚ ਵਸਣ ਦੀ ਯੋਜਨਾ ਬਣਾ ਰਿਹਾ ਹੈ।

ਸੂਤਰ ਨੇ ਕਿਹਾ, ''ਜੀਵਨਸਾਥੀ ਦੇ ਵੀਜ਼ਾ ਦੇ ਨਾਲ ਉਹ ਬਿਨਾ ਕਿਸੇ ਪਰੇਸ਼ਾਨੀ ਦੇ ਕੰਮ ਕਰ ਸਕਦਾ ਹੈ ਅਤੇ ਬ੍ਰਿਟੇਨ ਦੇ ਸਥਾਈ ਵਸਨੀਕ ਦੇ ਤੌਰ 'ਤੇ ਉੱਥੇ ਮਿਲਣ ਵਾਲੇ ਫਾਇਦਿਆਂ ਦਾ ਆਨੰਦ ਮਾਣ ਸਕਦਾ ਹੈ। ਇਸੇ ਵਜ੍ਹਾ ਨਾਲ ਉਹ ਇੰਗਲੈਂਡ 'ਚ ਇਕ ਘਰ ਖਰੀਦਣ ਦੀ ਯੋਜਨਾ ਬਣਾ ਰਹੇ ਹਨ। 27 ਸਾਲਾ ਆਮਿਰ 'ਚ ਅਜੇ ਕਾਫੀ ਕ੍ਰਿਕਟ ਬਚਿਆ ਹੈ, ਉਸ ਨੇ ਸ਼ੁੱਕਰਵਾਰ ਨੂੰ ਕ੍ਰਿਕਟ ਦੇ ਲੰਬੇ ਫਾਰਮੈਟ ਟੈਸਟ ਤੋਂ ਸੰਨਿਆਸ ਦਾ ਐਲਾਨ ਕੀਤਾ ਸੀ। ਉਨ੍ਹ੍ਹਾਂ ਦੇ ਪ੍ਰਸ਼ੰਸਕਾਂ ਲਈ ਬ੍ਰਿਟੇਨ 'ਚ ਵਸਣ ਦੀ ਖਬਰ ਕਾਫੀ ਹੈਰਾਨੀ ਭਰੀ ਹੈ। ਸੂਤਰ ਨੇ ਕਿਹਾ, ''ਉਹ ਨਿਯਮਿਤ ਤੌਰ 'ਤੇ ਇੰਗਲੈਂਡ ਜਾਂਦਾ ਹੈ ਅਤੇ ਪਿਛਲੇ ਸਾਲ ਤੋਂ ਕਾਊਂਟੀ ਕ੍ਰਿਕਟ ਵੀ ਖੇਡਦਾ ਹੈ। ਇਸ ਲਈ ਉਸ ਲਈ ਪਰੇਸ਼ਾਨੀ ਦੀ ਗੱਲ ਨਹੀਂ ਹੈ।''

ਜ਼ਿਕਰਯੋਗ ਹੈ ਕਿ ਮੁਹੰਮਦ ਆਮਿਰ ਪਾਕਿਸਤਾਨ ਵੱਲੋਂ 36 ਟੈਸਟ ਖੇਡ ਚੁੱਕੇ ਹਨ। ਉਨ੍ਹਾਂ ਦੇ ਨਾਂ ਇਨ੍ਹਾਂ 36 ਟੈਸਟ 'ਚ 30 ਦੀ ਔਸਤ ਨਾਲ 119 ਵਿਕਟਾਂ ਦਰਜ ਹਨ। ਆਮਿਰ ਦਾ ਕਰੀਅਰ ਲਗਭਗ ਇਕ ਦਹਾਕੇ ਤਕ ਪਾਬੰਦੀ ਅਤੇ ਜੇਲ ਨਾਲ ਪ੍ਰਭਾਵਿਤ ਰਿਹਾ। ਸਾਲ 2011 'ਚ ਲਾਰਡਸ ਟੈਸਟ 'ਚ ਸਪਾਟ ਫਿਕਸਿੰਗ ਕਾਰਨ ਆਪਣੇ ਦੋ ਹੋਰ ਟੀਮ ਸਾਥੀਆਂ ਮੁਹੰਮਦ ਆਸਿਫ ਅਤੇ ਸਲਮਾਨ ਬੱਟ ਨਾਲ ਉਨ੍ਹਾਂ 'ਤੇ ਸਾਰੀ ਜ਼ਿੰਦਗੀ ਲਈ ਪਾਬੰਦੀ ਲਗਾ ਦਿੱਤੀ ਗਈ ਸੀ। ਪਰ ਬਾਅਦ 'ਚ ਉਨ੍ਹਾਂ 'ਤੇ ਬੈਨ ਹਟਾ ਲਿਆ ਗਿਆ ਸੀ ਅਤੇ ਉਨ੍ਹਾਂ ਨੇ ਪਾਕਿਸਤਾਨੀ ਟੀਮ 'ਚ ਕਾਮਯਾਬ ਵਾਪਸੀ ਕਰ ਲਈ।

Tarsem Singh

This news is Content Editor Tarsem Singh