ਮਿਤਾਲੀ ਰਾਜ ਵਨ-ਡੇ ਰੈਂਕਿੰਗ ''ਚ ਚੋਟੀ ''ਤੇ ਬਰਕਰਾਰ, ਮੰਧਾਨਾ ਟਾਪ 10 ''ਚ ਸ਼ਾਮਲ

09/21/2021 6:53:25 PM

ਦੁਬਈ- ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਮੰਗਲਵਾਰ ਨੂੰ ਜਾਰੀ ਆਈ. ਸੀ. ਸੀ. (ਕੌਮਾਂਤਰੀ ਕ੍ਰਿਕਟ ਪਰਿਸ਼ਦ) ਮਹਿਲਾ ਵਨ-ਡੇ ਰੈਂਕਿੰਗ 'ਚ ਚੋਟੀ ਦੇ ਸਥਾਨ 'ਤੇ ਬਰਕਰਾਰ ਹੈ ਜਦਕਿ ਨਿਊਜ਼ੀਲੈਂਡ ਦੀ ਐਮੀ ਸੈਟਰਥਵੇਟ ਨੇ ਚੋਟੀ ਦੇ ਪੰਜ 'ਚ ਵਾਪਸੀ ਕੀਤੀ। ਮਿਤਾਲੀ ਦੇ ਨਾਂ 767 ਰੇਟਿੰਗ ਅੰਕ ਹਨ। ਇਸ ਸੂਚੀ 'ਚ ਚੋਟੀ ਦੇ 10 'ਚ ਸਮ੍ਰਿਤੀ ਮੰਧਾਨਾ ਵੀ ਸ਼ਾਮਲ ਹੈ ਜੋ ਸਤਵੇਂ ਸਥਾਨ 'ਤੇ ਹੈ। ਇੰਗਲੈਂਡ ਖ਼ਿਲਾਫ਼ ਪਹਿਲੇ ਵਨ-ਡੇ ਮੈਚ 'ਚ ਅਜੇਤੂ 79 ਦੌੜਾਂ ਬਣਾਉਣ ਵਾਲੀ ਸੈਟਰਥਵੇਟ ਨੇ ਚੋਟੀ ਦੇ ਪੰਜ 'ਚ ਵਾਪਸੀ ਕੀਤੀ।

ਪਿਛਲੀ ਰੈਂਕਿੰਗ ਸੂਚੀ 'ਚ ਮਿਤਾਲੀ ਦੇ ਨਾਲ ਸਾਂਝੇ ਤੌਰ 'ਤੇ ਚੋਟੀ 'ਤੇ ਕਾਬਜ਼ ਦੱਖਣੀ ਅਫ਼ਰੀਕਾ ਦੀ ਸਲਾਮੀ ਬੱਲੇਬਾਜ਼ ਲਿਜੇਲ ਲੀ ਨਵੀਂ ਰੈਂਕਿੰਗ 'ਚ ਦੂਜੇ ਸਥਾਨ 'ਤੇ ਖ਼ਿਸਕ ਗਈ ਹੈ। ਇੰਗਲੈਂਡ ਦੀ ਕਪਤਾਨ ਹੀਥਰ ਨਾਈਟ ਨੇ ਰੈਂਕਿੰਗ 'ਚ ਪੰਜ ਅੰਕਾਂ ਦਾ ਸੁਧਾਰ ਕੀਤਾ। ਨਿਊਜ਼ੀਲੈਂਡ ਦੇ ਖ਼ਿਲਾਫ਼ 107 ਗੇਂਦਾਂ 'ਚ 89 ਦੌੜਾ ਦੀ ਮੈਚ ਜੇਤੂ ਪਾਰੀ ਦੇ ਦਮ 'ਤੇ ਉਹ ਚੋਟੀ ਦੇ 10 ਦੇ ਖਿਡਾਰੀਆਂ 'ਚ ਜਗ੍ਹਾ ਬਣਾਉਣ 'ਚ ਕਾਮਯਾਬ ਰਹੀ। ਉਹ ਨਤਾਲੀ ਸਾਈਵਰ ਤੇ ਲੌਰਾ ਵੋਲਵਾਰਡਟ ਦੇ ਨਾਲ ਸਾਂਝੇ ਤੌਰ 'ਤੇ ਨੌਵੇਂ ਸਥਾਨ 'ਤੇ ਹੈ।

ਤਜਰਬੇਕਾਰ ਭਾਰਤੀ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਇਕ ਸਥਾਨ ਦੇ ਫ਼ਾਇਦੇ ਨਾਲ ਚੌਥੇ ਸਥਾਨ 'ਤੇ ਪਹੁੰਚ ਗਈ ਹੈ ਜਦਕਿ ਸਪਿਨਰ ਪੂਨਮ ਯਾਦਵ ਗੇਂਦਬਾਜ਼ਾਂ 'ਚ ਨੌਵੇਂ ਸਥਾਨ 'ਤੇ ਬਣੀ ਹੋਈ ਹੈ। ਭਾਰਤ ਦੀ ਦੀਪਤੀ ਸ਼ਰਮਾ ਆਸਟਰੇਲੀਆ ਦੀ ਐਲਿਸੇ ਪੇਰੀ ਦੀ ਅਗਵਾਈ ਵਾਲੀ ਹਰਫਨਮੌਲਾ ਖਿਡਾਰੀਆਂ ਦੀ ਰੈਂਕਿੰਗ 'ਚ ਚੌਥੇ ਸਥਾਨ ਤੇ ਬਣੀ ਹੋਈ ਹੈ। 

Tarsem Singh

This news is Content Editor Tarsem Singh