ਮਿਸ਼ੇਲ ਜਾਨਸਨ ਨੇ ਲਿਆ ਕ੍ਰਿਕਟ ਤੋਂ ਸੰਨਿਆਸ

08/19/2018 8:19:20 PM

ਸਿਡਨੀ : ਕੌਮਾਂਤਰੀ ਕ੍ਰਿਕਟ ਨੂੰ ਤਿੰਨ ਸਾਲ ਪਹਿਲਾਂ ਅਲਵਿਦਾ ਕਹਿਣ ਵਾਲੇ ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਜਾਨਸਨ ਨੇ ਕਿਹਾ ਕਿ ਉਹ ਕ੍ਰਿਕਟ ਦੇ ਸਾਰੇ ਸਵਰੂਪਾਂ ਤੋਂ ਸੰਨਿਆਸ ਲੈ ਰਿਹਾ ਹੈ ਕਿਉਂਕਿ ਉਸਦੇ ਸਰੀਰ ਨੇ ਗੇਂਦਬਾਜ਼ੀ ਵਿਚ ਸਾਥ ਦੇਣਾ ਬੰਦ ਕਰ ਦਿੱਤਾ ਹੈ।

36 ਸਾਲਾ ਇਸ ਖਿਡਾਰੀ ਨੇ ਪਿਛਲੇ ਮਹੀਨੇ ਟੀ-20 ਬਿੱਗ ਬੈਸ਼ ਲੀਗ ਦੀ ਟੀਮ ਪਰਥ ਸਕੋਰਚਰਸ ਛੱਡ ਦਿੱਤੀ ਸੀ ਪਰ ਉਸ ਨੇ ਇੰਡੀਅਨ ਪ੍ਰੀਮੀਅਰ ਲੀਗ ਜਾਂ ਹੋਰ ਘਰੇਲੂ ਟੀ-20 ਟੂਰਨਾਮੈਂਟਾਂ ਵਿਚ ਖੇਡਣ ਦੀ ਗੱਲ ਤੋਂ ਇਨਕਾਰ ਨਹੀਂ ਕੀਤਾ ਸੀ। ਜਾਨਸਨ ਨੇ ਪਰਥ ਨਾਓ ਨਿਊਜ਼ ਵੈੱਬਸਾਈਟ ਵਿਚ ਲਿਖਿਆ, ''ਹੁਣ ਸਭ ਖਤਮ ਹੋ ਗਿਆ ਹੈ। ਮੈਂ ਆਪਣੀ ਆਖਰੀ ਗੇਂਦ ਸੁੱਟ ਦਿੱਤੀ ਹੈ। ਆਪਣੀ ਆਖਰੀ ਵਿਕਟ ਲੈ ਲਈ ਹੈ। ਅੱਜ ਮੈਂ ਕ੍ਰਿਕਟ ਦੇ ਸਾਰੇ ਸਵਰੂਪਾਂ ਤੋਂ ਸੰਨਿਆਸ ਦਾ ਐਲਾਨ ਕਰਦਾ ਹਾਂ। ਜਾਨਸਨ ਨੇ ਆਸਟਰੇਲੀਆ ਦੇ 73 ਟੈਸਟ ਖੇਡ ਕੇ 313 ਵਿਕਟਾਂ ਹਾਸਲ ਕੀਤੀਆਂ ਸਨ। ਉਸ ਨੇ 153 ਵਨ ਡੇ ਵਿਚ 239 ਵਿਕਟਾਂ ਅਤੇ 30 ਟੀ-20 ਕੌਮਾਂਤਰੀ ਮੈਚਾਂ ਵਿਚ 38 ਵਿਕਟਾਂ ਲਈਆਂ ਹਨ।