Tokyo Olympic: ਮੀਰਾਬਾਈ ’ਤੇ ਹੋਵੇਗੀ ਪੈਸਿਆਂ ਦੀ ਬਰਸਾਤ, CM ਬਿਰੇਨ ਨੇ ਇਕ ਕਰੋੜ ਰੁਪਏ ਦੇਣ ਦਾ ਕੀਤਾ ਐਲਾਨ

07/25/2021 1:28:13 PM

ਸਪੋਰਟਸ ਡੈਸਕ– ਮਣੀਪੁਰ ਦੇ ਮੁੱਖਮੰਤਰੀ ਨੋਂਗਥੋਮਬਾਮ ਬਿਰੇਨ ਨੇ ਟੋਕੀਓ ਓਲੰਪਿਕ ’ਚ ਚਾਂਦੀ ਦਾ ਤਮਗ਼ਾ ਜਿੱਤਣ ਤੇ ਦੇਸ਼ ਦਾ ਨਾਂ ਰੌਸ਼ਨ ਕਰਨ ’ਤੇ ਸੇਖੋਮ ਮੀਰਾਬਾਈ ਚਾਨੂ ਨੂੰ ਇਕ ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ। ਮੀਰਾਬਾਈ ਚਾਨੂ ਨੇ ਸ਼ਨੀਵਾਰ ਨੂੰ ਮਹਿਲਾਵਾਂ ਦੀ 49 ਕਿਲੋਗ੍ਰਾਮ ਵੇਟਲਿਫਟਿੰਗ ਮੁਕਾਬਲੇ ’ਚ ਭਾਰਤ ਦੇ ਲਈ ਟੋਕੀਓ ਓਲੰਪਿਕ ਦਾ ਪਹਿਲਾ ਚਾਂਦੀ ਦਾ ਤਮਗ਼ਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ।ਟੋਕੀਓ ਓਲੰਪਿਕ ’ਚ ਚਾਨੂ ਭਾਰਤ ਵੱਲੋਂ ਪਹਿਲਾ ਤਮਗ਼ਾ ਜਿੱਤਣ ਵਾਲੀ ਪਹਿਲੀ ਖਿਡਾਰੀ ਬਣ ਗਈ ਹੈ।
ਇਹ ਵੀ ਪੜ੍ਹੋ : ਟੋਕੀਓ ਓਲੰਪਿਕ: ਮਨੁ ਭਾਕਰ ਦੀ ਪਿਸਤੌਲ ਨੇ ਅਹਿਮ ਸਮੇਂ ’ਚ ਦਿੱਤਾ ਧੋਖਾ, ਇੰਝ ਟੁੱਟਿਆ ਨਿਸ਼ਾਨੇਬਾਜ਼ ਦਾ ਸੁਫ਼ਨਾ

ਮਣੀਪੁਰ ਦੇ ਮੁੱਖਮੰਤਰੀ ਨੋਂਗਥੋਮਬਾਮ ਬਿਰੇਨ ਨੇ ਟੋਕੀਓ ਓਲੰਪਿਕ ’ਚ ਚਾਂਦੀ ਦਾ ਤਮਗ਼ਾ ਜਿੱਤਣ ’ਤੇ ਮੀਰਾਬਾਈ ਚਾਨੂ ਨੂੰ ਵਧਾਈ ਦਿੱਤੀ ਹੈ। ਸੀ.ਐੱਮ. ਬਿਰੇਨ ਨੇ ਕਿਹਾ, ਸਾਨੂੰ ਭਾਰਤੀਆਂ ਨੂੰ ਤੁਹਾਡੇ ’ਤੇ ਮਾਣ ਹੈ। ਮਣੀਪੁਰ ਸੂਬੇ ਦੇ ਲੋਕ 2020 ਓਲੰਪਿਕ ’ਚ ਸਾਡੇ ਖਿਡਾਰੀਆਂ ਦੇ ਤਮਗ਼ਾ ਜਿੱਤਣ ਲਈ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰ ਰਹੇ ਹਨ।’’ ਮੀਰਾਬਾਈ ਨੇ ਤਮਗ਼ਾ ਜਿੱਤਣ ਦੇ ਬਾਅਦ ਮੁੱਖਮੰਤਰੀ ਨਾਲ ਵੀਡੀਓ ਕਾਲ ’ਤੇ ਗੱਲ ਕਰਦੇ ਹੋਏ ਕਿਹਾ, ‘‘ਇਹ ਭਵਿੱਖ ’ਚ ਹੋਰ ਤਮਗ਼ੇ ਜਿੱਤਣ ਦੀ ਸ਼ੁਰੂਆਤ ਹੈ। ਆਉਣ ਵਾਲੇ ਸਾਲਾਂ ’ਚ ਮੈਂ ਸੋਨ ਤਮਗ਼ਾ ਜਿੱਤਣ ਦੀ ਕੋਸ਼ਿਸ਼ ਕਰਾਂਗੀ।’’
ਇਹ ਵੀ ਪੜ੍ਹੋ : ਟੋਕੀਓ ਓਲੰਪਿਕ : ਸਿੰਧੂ ਨੇ ਆਸਾਨ ਜਿੱਤ ਨਾਲ ਆਪਣੀ ਮੁਹਿੰਮ ਦਾ ਕੀਤਾ ਆਗਾਜ਼

ਮੁੱਖ ਮੰਤਰੀ ਨੇ ਮੀਰਾਬਾਈ ਚਾਨੂ ਨਾਲ ਗੱਲਬਾਤ ’ਚ ਕਿਹਾ, ‘‘ਮੈਂ ਬੈਠਕ ’ਚ ਜਾਣਕਾਰੀ ਦਿੱਤੀ ਕਿ ਮੀਰਾਬਾਈ ਚਾਨੂ ਨੇ ਚਾਂਦੀ ਦਾ ਤਮਗ਼ਾ ਜਿੱਤ ਕੇ ਓਲੰਪਿਕ ’ਚ ਇਤਿਹਾਸ ਰਚ ਦਿੱਤਾ ਹੈ। ਇਹ ਖ਼ਬਰ ਸੁਣਨ ਦੇ ਬਾਅਦ ਅਮਿਤ ਸ਼ਾਹ ਬਹੁਤ ਖ਼ੁਸ਼ ਹੋਏ ਤੇ ਕਿਹਾ ਕਿ ਇਹ ਦੇਸ਼ ਲਈ ਮਾਣ ਮਹਿਸੂਸ ਕਰਨ ਦਾ ਪਲ ਹੈ।’’ ਦੂਜੇ ਪਾਸੇ ਮੀਡੀਆ ਨਾਲ ਗੱਲ ਕਰਦੇ ਹੋਏ ਮੀਰਾਬਾਈ ਦੇ ਪਿਤਾ ਸੇਖ਼ੋਮ ਕ੍ਰਿਤੀ ਮੇਈਤੇਈ ਨੇ ਆਪਣੀ ਸਭ ਤੋਂ ਛੋਟੀ ਧੀ ਦੀ ਉਪਲਬਧੀ ’ਤੇ ਖ਼ੁਸ਼ੀ ਜਤਾਈ। ਉਨ੍ਹਾਂ ਕਿਹਾ, ‘‘ਮੈਨੂੰ ਆਪਣੀ ਧੀ ’ਤੇ ਮਾਣ ਹੈ। ਮੈਂ ਭਵਿੱਖ ’ਚ ਵੀ ਜਿੰਨਾ ਹੋ ਸਕੇ ਉਸ ਨੂੰ ਸਮਰਥਨ ਦੇਵਾਂਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh