90 ਦੇ ਹੋਏ ਮਿਲਖਾ ਸਿੰਘ ਬੋਲੇ, ਸਭ ਦਾ ਸਾਥ ਰਿਹਾ ਤਾਂ ਮਾਰਾਂਗਾ ਸੈਂਚੂਰੀ

11/21/2019 4:56:46 PM

ਸਪੋਰਟਸ ਡੈਸਕ— ਫਲਾਇੰਗ ਸਿੱਖ ਪਦਮਸ਼੍ਰੀ ਮਿਲਖਾ ਸਿੰਘ ਬੀਤੇ ਦਿਨ ਬੁੱਧਵਾਰ(20 ਨਵੰਬਰ) ਨੂੰ 90 ਸਾਲ ਦੇ ਹੋ ਗਏ। ਉਨ੍ਹਾਂ ਨੇ ਸੈਕਟਰ-8 ਸਥਿਤ ਆਪਣੇ ਨਿਵਾਸ 'ਤੇ ਆਪਣੇ ਪਰਿਵਾਰ ਦੇ ਮੈਂਬਰਾਂ ਅਤੇ ਕਰੀਬੀ ਦੋਸਤਾਂ ਦੇ ਨਾਲ ਆਪਣਾ ਜਨਮ ਦਿਨ ਮਨਾਇਆ ਅਤੇ ਇਸ ਖਾਸ ਮੌਕੇ 'ਤੇ ਕੇਕ ਵੀ ਕੱਟਿਆ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਜੇ ਸਭ ਦਾ ਸਾਥ ਰਿਹਾ ਤਾਂ ਸੈਂਚੂਰੀ ਮਾਰਾਂਗਾ।
ਇਸ ਦੌਰਾਨ ਉਨ੍ਹਾਂ ਨੇ ਆਪ ਬੀਤੀ ਸਾਂਝੀ ਕਰਦੇ ਹੋਏ ਕਿਹਾ ਕਿ ਜਦੋਂ ਦੇਸ਼ ਦੀ ਵੰਡ ਹੋਈ ਤਾਂ ਮੇਰੇ ਪਰਿਵਾਰ ਨੂੰ ਮੇਰੀਆਂ ਅੱਖਾਂ ਦੇ ਸਾਹਮਣੇ ਮਾਰ ਦਿੱਤਾ ਗਿਆ, ਤਦ ਮੈਨੂੰ ਪਿਤਾ ਨੇ ਕਿਹਾ ਸੀ ਕਿ 'ਭਾਗ ਮਿਲਖਾ ਭਾਗ', ਨਹੀਂ ਤਾਂ ਇਹ ਤੈਨੂੰ ਵੀ ਮਾਰ ਦੇਣਗੇ। ਇਹ ਸ਼ਬਦ ਮੇਰੇ ਕੰਨਾਂ 'ਚ ਅੱਜ ਵੀ ਗੂੰਜਦੇ ਹਨ। ਮਿਲਖਾ ਸਿੰਘ ਨੇ ਕਿਹਾ ਕਿ ਮੈਂ ਸਵ. ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦਾ ਦੌਰ ਵੀ ਵੇਖਿਆ ਹੈ ਅਤੇ ਵਰਤਮਾਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦੌਰ ਵੀ ਵੇਖ ਰਿਹਾ ਹਾਂ। ਮਿਲਖਾ ਸਿੰਘ ਨੇ ਕਿਹਾ ਕਿ ਅੱਜ ਮੈਨੂੰ ਰਿਟਾਇਰ ਹੋਏ 30 ਸਾਲ ਹੋ ਗਏ,1961 'ਚ ਪਹਿਲੀ ਵਾਰ ਮੈਂ ਕੇਕ ਕੱਟਿਆ ਸੀ, ਹੁਣ ਫਿਰ ਕੱਟ ਰਿਹਾ ਹਾਂ। ਇਹ ਮੇਰੇ ਅਤੇ ਮੇਰੇ ਪਰਿਵਾਰ ਲਈ ਖੁਸ਼ੀ ਦੇ ਪਲ ਹਨ।
ਅੱਜ ਤੋਂ ਆਪਣੇ ਲਈ ਵੀ 10 ਮਿੰਟ ਦੌੜੋ :
ਮਿਲਖਾ ਸਿੰਘ ਨੇ ਆਪਣੇ ਜਨਮ ਦਿਨ 'ਤੇ ਦੇਸ਼ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਜ਼ਾਦੀ ਦੀ ਕੀਮਤ ਨੂੰ ਸਮਝਣ। ਲੱਖਾਂ ਲੋਕਾਂ ਨੇ ਆਪਣੀ ਜਾਨ ਗੁਆ ਕੇ ਸਾਨੂੰ ਆਜ਼ਾਦੀ ਦਿਵਾਈ ਹੈ। ਦੇਸ਼ ਦੀ ਤਰੱਕੀ 'ਚ ਸਹਿਯੋਗ ਕਰਨ, ਨਸ਼ੇ ਤੋਂ ਦੂਰ ਰਹਿਣ। ਤੰਦਰੁਸਤ ਰਹਿਣ ਅਤੇ ਚੰਗਾ ਸੋਚਣ। ਤੁਸੀਂ ਚੰਗੇ ਹੋਵੋਗੇ ਤਾਂ ਸਮਾਜ ਖੁਦ ਚੰਗਾ ਹੋਵੇਗਾ। ਉਨ੍ਹਾਂ ਕਿਹਾ ਕਿ ਤੁਸੀਂ ਸਾਰੀ ਉਮਰ ਦੂਜਿਆਂ ਲਈ ਭੱਜਦੇ ਹੋ, ਅੱਜ ਤੋਂ ਹੀ ਆਪਣੇ ਲਈ ਵੀ 10 ਮਿੰਟ ਭੱਜੋ। 90 ਦੀ ਉਮਰ 'ਚ ਵੀ ਫਿੱਟ ਰਹਿਣ ਦਾ ਰਾਜ਼ ਦੱਸਦੇ ਹੋਏ ਮਿਲਖਾ ਸਿੰਘ ਨੇ ਦੱਸਿਆ ਕਿ ਰੰਨਿੰਗ ਅਤੇ ਜਾਗਿੰਗ ਰੋਜ਼ ਕਰਦਾ ਹਾਂ। ਇਸ ਤੋਂ ਬਾਅਦ ਗੋਲਫ ਖੇਡਣ ਵੀ ਰੋਜ਼ਾਨਾ ਜਾਂਦਾ ਹਾਂ। ਨੌਜਵਾਨ ਦੇਸ਼ ਦੀ ਵਿਰਾਸਤ ਹਨ, ਉਹ ਮਿਲ ਕੇ ਅੱਗੇ ਵਧਣ ਤਾਂ ਦੇਸ਼ ਹੋਰ ਅੱਗੇ ਜਾ ਸਕਦਾ ਹੈ। ਮਿਲਖਾ ਸਿੰਘ ਨੇ ਦੱਸਿਆ ਕਿ ਜੇਕਰ ਲੋਕਾਂ ਦਾ ਪਿਆਰ ਮਿਲਦਾ ਰਿਹਾ ਤਾਂ ਜੀਵਨ 'ਚ ਕੁਝ ਸਾਲ ਹੋਰ ਜ਼ਿਆਦਾ ਜੀਅ ਸਕਦਾ ਹਾਂ।