ਓਲੰਪਿਕ 'ਚ ਭਾਰਤੀ ਐਥਲੀਟਾਂ ਦੇ ਤਮਗਾ ਜਿੱਤਣ 'ਤੇ ਮਿਲਖਾ ਸਿੰਘ ਦਾ ਵਿਵਾਦਤ ਬਿਆਨ

09/28/2019 1:12:09 PM

ਮੁੰਬਈ : ਸਾਬਕਾ ਐਥਲੀਟ ਮਿਲਖਾ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੂੰ ਕੋਈ ਅਜਿਹਾ ਭਾਰਤੀ ਐਥਲੀਟ ਨਹੀਂ ਦਿਸਦਾ ਜੋ ਭਵਿੱਖ ਵਿਚ ਐਥਲੇਟਿਕਸ 'ਚ ਓਲੰਪਿਕ ਤਮਗਾ ਜਿੱਤ ਸਕੇ। 'ਫਲਾਇੰਗ ਸਿੰਘ' ਦੇ ਨਾਂ ਤੋਂ ਮਸ਼ਹੂਰ 92 ਸਾਲਾ ਮਿਲਖਾ ਸਿੰਘ ਨੇ ਕਿਹਾ, ''ਅਜੇ ਤਕ ਤਾਂ ਮੈਨੂੰ ਕੋਈ ਵਿਅਕਤੀ ਅਜਿਹਾ ਨਹੀਂ ਦਿਸਦਾ ਜੋ ਓਲੰਪਿਕ ਖੇਡਾਂ 'ਚ ਐਥਲੈਟਿਕਸ ਵਿਚ ਤਮਗਾ ਜਿੱਤ ਸਕੇ।''

ਮਿਲਖਾ ਸਿੰਘ ਭਾਰਤੀ ਖੇਡ ਸਨਮਾਨ ਸਮਾਰੋਹ 2019 ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ, ''ਤੁਸੀਂ ਓਲੰਪਿਕ ਦੀ ਗੱਲ ਕਰ ਰਹੇ ਹੋ ਪਰ ਮੈਂ ਤੁਹਾਡੇ ਨਾਲ ਐਥਲੈਟਿਕਸ ਬਾਰੇ ਗੱਲ ਕਰਾਂਗਾ। ਮੈਂ, ਗੁਰਬਚਨ ਸਿੰਘ ਰੰਧਾਵਾ, ਪੀ. ਟੀ. ਊਸ਼ਾ, ਅੰਜੂ ਬਾਬੀ ਅਤੇ ਸ਼੍ਰੀਰਾਮ ਸਿੰਘ ਫਾਈਨਲ (ਓਲੰਪਿਕ) ਵਿਚ ਪਹੁੰਚੇ ਸੀ ਪਰ ਤਮਗਾ ਨਹੀਂ ਜਿੱਤ ਸਕੇ। ਜੇਕਰ ਸਾਨੂੰ ਓਲੰਪਿਕ ਵਿਚ ਤਮਗਾ ਜਿੱਤਣਾ ਹੈ ਤਾਂ ਸਾਨੂੰ ਐਥਲੀਟਾਂ ਨੂੰ ਇਕ ਜਗ੍ਹਾ 'ਤੇ ਰੱਖ ਕੇ ਉਨ੍ਹਾਂ ਨੂੰ ਤਿਆਰ ਕਰਨਾ ਹੋਵੇਗਾ, ਤਦ ਹੀ ਅਸੀਂ ਓਲੰਪਿਕ ਵਿਚ ਤਮਗਾ ਜਿੱਤ ਸਕਾਂਗੇ।''

ਇਸ ਦੌਰਾਨ ਇਸ ਸਨਮਾਨ ਸਮਾਰੋਹ ਵਿਚ ਅੰਜਿਕਯ ਰਹਾਨੇ, ਸਮ੍ਰਿਤੀ ਮੰਧਾਨਾ, ਜ਼ਹੀਰ ਖਾਨ, ਯੁਵਰਾਜ ਸਿੰਘ, ਵਿਰਾਟ ਕੋਹਲੀ ਸਮੇਤ ਮੌਜੂਦਾ ਅਤੇ ਸਾਬਕਾ ਕ੍ਰਿਕਟਰਾਂ ਤੋਂ ਇਲਾਵਾ ਮੁੱਖ ਬੈਡਮਿੰਟਨ ਕੋਚ ਪੀ. ਗੋਪੀਚੰਦ ਅਤੇ ਜਿਮਨਾਸਟ ਖਿਡਾਰਨ ਦੀਪਾ ਕਰਮਾਰਕ ਹਾਜ਼ਰ ਰਹੇ।