ਬੈਲਨ ਡੀ ਓਰ ਦੀ ਰੇਸ ''ਚ ਪਛੜਿਆ ਮੇਸੀ

07/18/2018 1:31:55 AM

ਬਿਊਨਸ ਆਇਰਸ- ਸਟਾਰ ਫੁੱਟਬਾਲਰ ਅਰਜਨਟੀਨਾ ਦੇ ਲਿਓਨਿਲ ਮੇਸੀ ਕਈ ਸਾਲਾਂ ਤੋਂ ਦੁਨੀਆ ਦੇ ਸਰਵਸ਼੍ਰੇਸਠ ਫੁੱਟਬਾਲਰ ਦੇ ਐਵਾਰਡ ਬੈਲਨ ਡੀ ਓਰ ਦੀ ਦੌੜ ਵਿਚ ਬਣਿਆ ਰਿਹਾ ਹੈ ਪਰ ਰੂਸ ਵਿਚ ਹੋਏ 21ਵੇਂ ਫੀਫਾ ਵਿਸ਼ਵ ਕੱਪ ਵਿਚ ਉਸਦੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ 'ਗ੍ਰੇਟੈਸਟ ਆਫ ਆਲ ਟਾਈਮ' (ਗੌਟ) ਮੇਸੀ ਇਸ ਵਾਰ ਰੇਸ ਵਿਚ ਕਾਫੀ ਪਿੱਛੇ ਰਹਿ ਗਿਆ ਹੈ। ਮੇਸੀ ਦੀ ਅਗਵਾਈ ਵਿਚ ਉਤਰੀ ਅਰਜਨਟੀਨਾ ਫੀਫਾ ਵਿਸ਼ਵ ਕੱਪ ਵਿਚ ਖਿਤਾਬ ਦੀ ਵੱਡੇ ਦਾਅਵੇਦਾਰ ਸੀ ਪਰ ਉਹ ਰਾਊਂਡ-16 ਵਿਚੋਂ ਹੀ ਬਾਹਰ ਹੋ ਗਈ, ਜਦਕਿ ਮੇਸੀ ਉਮੀਦ ਮੁਤਾਬਕ ਖੇਡ ਨਹੀਂ ਸਕਿਆ ਤੇ ਸਭ ਤੋਂ ਵੱਧ ਨਿਰਾਸ਼ ਕੀਤਾ। ਬਾਰਸੀਲੋਨਾ ਫਾਰਵਰਡ ਨੂੰ ਟੂਰਨਾਮੈਂਟ ਤੋਂ ਪਹਿਲਾਂ ਤਕ ਬੈਲਨ ਡੀ ਓਰ ਲਈ ਕ੍ਰਿਸਟੀਆਨੋ ਰੋਨਾਲਡੋ ਤੇ ਮੁਹੰਮਦ ਸਾਲਾਹ ਤੋਂ ਬਾਅਦ ਸਭ ਤੋਂ ਵੱਧ ਪਸੰਦੀਦਾ ਖਿਡਾਰੀ ਦੱਸਿਆ ਗਿਆ ਸੀ ਪਰ ਵਿਸ਼ਵ ਕੱਪ ਤੋਂ ਬਾਅਦ ਉਹ ਕਾਫੀ ਪੱਛੜ ਗਿਆ ਹੈ। ਕ੍ਰੋਏਸ਼ੀਆ ਨੂੰ ਹਰਾ ਕੇ 20 ਸਾਲ ਬਾਅਦ ਚੈਂਪੀਅਨ ਬਣੇ ਫਰਾਂਸ ਤੋਂ ਲੈ ਕੇ ਕਈ ਟੀਮਾਂ ਦੇ ਖਿਡਾਰੀ ਇਸ ਵਾਰ ਹੀਰੋ ਬਣ ਕੇ ਉੱਭਰੇ ਤੇ ਅਜਿਹੇ ਵਿਚ ਕਈ ਨਵੇਂ ਚਿਹਰਿਆਂ ਨੂੰ ਇਸ ਵਾਰ ਬੈਲਨ ਡੀ ਓਰ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਹੈ।