ਮੈਂ ਇਹ ਸਫਲਤਾ ਹਾਸਲ ਕਰਨ ਲਈ ਕੋਈ ਕਸਰ ਨਹੀਂ ਛੱਡੀ : ਮੀਰਾਬਾਈ

12/01/2017 8:40:19 AM

ਐਨਾਹੋਮ (ਕੈਲੀਫੋਰਨੀਆ), (ਬਿਊਰੋ)— ਭਾਰਤ ਦੀ ਮੀਰਾਬਾਈ ਚਾਨੂ ਨੇ ਭਾਰਤ ਨੂੰ 22 ਸਾਲਾਂ ਦੇ ਲੰਬੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਵੇਟਲਿਫਟਿੰਗ ਵਿਸ਼ਵ ਚੈਂਪੀਅਨਸ਼ਿਪ ਵਿਚ ਉਸਨੂੰ ਪਹਿਲਾ ਸੋਨ ਤਮਗਾ ਦਿਵਾ ਕੇ ਸਨਮਾਨਿਤ ਕੀਤਾ ਹੈ। ਮੀਰਾਬਾਈ ਨੇ ਮਹਿਲਾਵਾਂ ਦੇ 48 ਕਿਲੋਗ੍ਰਾਮ ਭਾਰ ਵਰਗ 'ਚ ਖਿਤਾਬ ਦੀ ਦਾਅਵੇਦਾਰ ਥਾਈਲੈਂਡ ਦੀ ਥੂਨਯਾ ਸੁਕਚਾਰੋਏਨ ਨੂੰ ਹਰਾ ਕੇ ਸੋਨ ਤਮਗਾ 'ਤੇ ਕਬਜ਼ਾ ਕੀਤਾ ਤੇ ਵਿਸ਼ਵ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤਣ ਵਾਲੇ ਦੋ ਦਹਾਕਿਆਂ 'ਚ ਭਾਰਤ ਦੀ ਪਹਿਲੀ ਮਹਿਲਾ ਵੇਟਲਿਫਟਰ ਵੀ ਬਣ ਗਈ।

ਮੀਰਾਬਾਈ ਚਾਨੂ ਨੇ ਬਾਅਦ ਵਿਚ ਇਥੇ ਕਿਹਾ,''ਅੱਜ ਮੈਂ ਜੋ ਵੀ ਹਾਸਲ ਕੀਤਾ ਹੈ, ਉਹ ਮੇਰੇ ਕੋਚ ਵਿਜੇ ਸ਼ਰਮਾ ਦੀ ਕੋਚਿੰਗ ਦੇ ਬਿਨਾਂ ਸੰਭਵ ਨਹੀਂ ਹੋ ਸਕਦਾ ਸੀ। ਮੈਂ ਤੇ ਮੇਰੇ ਕੋਚ ਨੇ ਚੋਟੀ ਪੱਧਰ 'ਤੇ ਸਫਲਤਾ ਹਾਸਲ ਕਰਨ ਲਈ ਕੋਈ ਕਸਰ ਨਹੀਂ ਛੱਡੀ।'' ਉਸ ਨੇ ਕਿਹਾ,''ਰੀਓ 'ਚ ਮੈਂ ਤਮਗਾ ਨਹੀਂ ਜਿੱਤ ਸਕੀ ਸੀ, ਉਹ ਨਿਰਾਸ਼ਾਜਨਕ ਸੀ। ਮੈਂ ਰੀਓ ਵਿਚ ਗਲਤੀਆਂ ਕੀਤੀਆਂ ਸਨ ਤੇ ਮੈਂ ਹੁਣ ਵੀ ਇਸ ਤੋਂ ਦੁਖੀ ਹਾਂ। ਇਸ ਤਮਗੇ ਨੇ ਉਹ ਨਿਰਾਸ਼ਾ ਖਤਮ ਕਰ ਦਿੱਤੀ ਹੈ। ਮੈਂ ਆਪਣੀਆਂ ਕਮਜ਼ੋਰੀਆਂ 'ਤੇ ਕੰਮ ਕਰਾਂਗੀ ਤੇ ਅਗਲੇ ਸਾਲ ਰਾਸ਼ਟਰਮੰਡਲ ਤੇ ਏਸ਼ੀਆਈ ਖੇਡਾਂ ਅਤੇ ਟੋਕੀਓ ਓਲੰਪਿਕ ਵਿਚ ਤਮਗਾ ਜਿੱਤਣ ਦੀ ਕੋਸ਼ਿਸ਼ ਕਰਾਂਗੀ।''