ਮੇਦਵੇਦੇਵ ਨੇ ਜਿੱਤਿਆ ਅਮਰੀਕੀ ਓਪਨ ਦਾ ਖ਼ਿਤਾਬ, ਜੋਕੋਵਿਚ ਨੇ ਗ਼ੁੱਸੇ 'ਚ ਤੋੜਿਆ ਰੈਕੇਟ

09/13/2021 12:41:52 PM

ਨਿਊਯਾਰਕ- ਪਿਛਲੇ 52 ਸਾਲ 'ਚ ਇਕ ਕੈਲੰਡਰ ਸਾਲ 'ਚ ਚਾਰੋ ਗ੍ਰੈਂਡਸਲੈਮ ਜਿੱਤਣ ਵਾਲੇ ਪਹਿਲੇ ਪੁਰਸ਼ ਖਿਡਾਰੀ ਬਣਨ ਦਾ ਨੋਵਾਕ ਜੋਕੋਵਿਚ ਦਾ ਸੁਫ਼ਨਾ ਦਾਨਿਲ ਮੇਦਵੇਦੇਵ ਨੇ ਤੋੜ ਦਿੱਤਾ ਜਿਨ੍ਹਾਂ ਨੇ ਅਮਰੀਕੀ ਓਪਨ ਫ਼ਾਈਨਲ 'ਚ ਦੁਨੀਆ ਦੇ ਇਸ ਨੰਬਰ ਇਕ ਖਿਡਾਰੀ ਨੂੰ ਹਰਾਇਆ। ਮੇਦਵੇਦੇਵ ਨੇ ਹੈਰਾਨੀਜਨਕ ਤੌਰ 'ਤੇ ਇਕਪਾਸੜ ਰਹੇ ਫ਼ਾਈਨਲ 'ਚ 6-4, 6-4, 6-4 ਨਾਲ ਜਿੱਤ ਦਰਜ ਕੀਤੀ। ਇਸ ਦੇ ਨਾਲ ਹੀ ਹੁਣ ਜੋਕੋਵਿਚ ਨੂੰ ਰਿਕਾਰਡ 21ਵਾਂ ਗ੍ਰੈਂਡਸਲੈਮ ਜਿੱਤਣ ਲਈ ਅਜੇ ਹੋਰ ਇੰਤਜ਼ਾਰ ਕਰਨਾ ਹੋਵੇਗਾ। ਉਨ੍ਹਾਂ ਦੇ ਰੋਜਰ ਫੈਡਰਰ ਤੇ ਰਾਫੇਲ ਨਡਾਲ ਦੇ ਬਰਾਬਰ 20 ਗ੍ਰੈਂਡਸਲੈਮ ਖ਼ਿਤਾਬ ਹਨ।
ਇਹ ਵੀ ਪੜ੍ਹੋ : ਅਈਅਰ ਦੀ ਵਾਪਸੀ ਨਾਲ ਮਜ਼ਬੂਤ ਹੋਵੇਗੀ ਟੀਮ, ਚੰਗੀ ਸ਼ੁਰੂਆਤ ਦੀ ਜ਼ਰੂਰਤ : ਧਵਨ

ਦੁਨੀਆ ਦੇ ਨੰਬਰ ਇਕ ਖਿਡਾਰੀ ਜੋਕੋਵਿਚ ਇਸ ਟੂਰਨਾਮੈਂਟ 'ਚ 2021 'ਚ ਗ੍ਰੈਂਡਸਲੈਮ 'ਚ ਜਿੱਤ ਦਾ 27.0 ਰਿਰਾਕਡ ਲੈ ਕੇ ਉਤਰੇ ਸਨ। ਉਨ੍ਹਾਂ ਨੇ ਫ਼ਰਵਰੀ 'ਚ ਆਸਟਰੇਲੀਆਈ ਓਪਨ ਫ਼ਾਈਨਲ 'ਚ ਮੇਦਵੇਦੇਵ ਨੂੰ ਹਰਾਇਆ ਸੀ ਜਦਕਿ ਜੂਨ 'ਚ ਫ੍ਰੈਂਚ ਓਪਨ ਤੇ ਜੁਲਾਈ 'ਚ ਵਿੰਬਲਡਨ ਜਿੱਤਿਆ। ਅਮਰੀਕੀ ਓਪਨ ਫ਼ਾਈਨਲ 'ਚ ਹਾਲਾਂਕਿ ਉਹ ਆਪਣੀ ਸਰਵਸ੍ਰੇਸ਼ਠ ਲੈਅ 'ਚ ਨਹੀਂ ਸਨ। ਉਨ੍ਹਾਂ ਨੇ 38 ਸਹਿਜ ਗ਼ਲਤੀਆਂ ਕੀਤੀਆਂ ਤੇ ਬ੍ਰੇਕ ਪੁਆਇੰਟ ਦਾ ਲਾਹਾ ਨਾ ਲਾ ਸਕੇ। ਉਨ੍ਹਾਂ ਨੇ ਗ਼ੁੱਸੇ 'ਚ ਆਪਣਾ ਰੈਕਟ ਵੀ ਤੋੜ ਦਿੱਤਾ ਜਿਸ ਕਾਰਨ ਚੇਅਰ ਅੰਪਾਇਰ ਨੇ ਉਨ੍ਹਾਂ ਨੂੰ ਚਿਤਾਵਨੀ ਵੀ ਦਿੱਤੀ ਤੇ ਸਟੇਡੀਅਮ 'ਤੇ ਜਮ੍ਹਾਂ ਦਰਸ਼ਕਾਂ ਨੇ ਹੂਟਿੰਗ ਵੀ ਕੀਤੀ।
ਇਹ ਵੀ ਪੜ੍ਹੋ : IPL 'ਚ ਖੇਡ ਕੇ T-20 WC 'ਚ ਰਾਸ਼ਟਰੀ ਟੀਮ ਦੀ ਮਦਦ ਕਰਨਾ ਚਾਹੁੰਦੇ ਹਨ ਸ਼ਾਕਿਬ ਤੇ ਮੁਸਤਾਫਿਜ਼ੁਰ

ਦੂਜੇ ਪਾਸੇ 6 ਫ਼ੁੱਟ 6 ਇੰਚ ਲੰਬੇ ਮੇਦਵੇਦੇਵ ਨੇ ਬਿਹਤਰੀਨ ਖੇਡ ਦਿਖਾਇਆ। ਜੋਕੋਵਿਚ ਆਪਣੇ ਕਰੀਅਰ ਦੇ 31ਵੇਂ ਗ੍ਰੈਂਡਸਲੈਮ ਫ਼ਾਈਨਲ 'ਚ ਫ਼ਲਸ਼ਿੰਗ ਮੀਡੋਸ ਦੇ ਹਾਰਡ ਕੋਰਟ 'ਤੇ 6 ਜਿੱਤ ਨਾਲ ਪਹੁੰਚੇ ਸਨ ਪਰ ਜ਼ਰੂਰਤ ਦੇ ਸਮੇਂ ਉਹ ਲੈਅ ਕਾਇਮ ਨਾ ਰੱਖ ਸਕੇ। ਆਖ਼ਰੀ ਵਾਰ ਇਕ ਹੀ ਸਾਲ 'ਚ ਸਾਰੇ ਖ਼ਿਤਾਬ ਰਾਡ ਲਾਵੇਰ ਨੇ ਜਿੱਤੇ ਸਨ ਜਿਨ੍ਹਾਂ ਨੇ 1962 ਤੇ 1969 'ਚ ਦੋ ਵਾਰ ਇਹ ਕਮਾਲ ਕੀਤਾ। ਮਹਿਲਾ ਵਰਗ 'ਚ ਇਕਲੌਤੀ ਸਟੇਫ਼ੀ ਗ੍ਰਾਫ਼ ਇਹ ਕਮਾਲ ਕਰ ਚੁੱਕੀ ਹੈ ਜਿਨ੍ਹਾਂ ਨੇ 1988 'ਚ ਚਾਰੋ ਖ਼ਿਤਾਬ ਜਿੱਤੇ ਸਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 

Tarsem Singh

This news is Content Editor Tarsem Singh