ਮਯੰਕ ਨੂੰ ਸਖਤ ਮਿਹਨਤ ਦਾ ਇਨਾਮ ਮਿਲਿਆ : ਨਾਇਰ

01/02/2020 11:06:05 PM

ਮੁੰਬਈ— ਕਰਨਾਟਕ ਦੇ ਕਪਤਾਨ ਕਰੁਣ ਨਾਇਰ ਨੇ ਕਿਹਾ ਕਿ ਮਯੰਕ ਅਗਰਵਾਲ ਨੂੰ ਪਿਛਲੇ ਕਈ ਸਾਲਾ ਦੀ ਲਗਾਤਾਰ ਸਖਤ ਮਿਹਨਤ ਕਾਰਨ ਭਾਰਤੀ ਟੈਸਟ ਸਲਾਮੀ ਬੱਲੇਬਾਜ਼ ਦੇ ਰੂਪ 'ਚ ਸਫਲਤਾ ਮਿਲੀ ਹੈ ਤੇ ਮੁੰਬਈ ਵਿਰੁੱਧ ਰਣਜੀ ਟਰਾਫੀ ਮੈਚ 'ਚ ਗੈਰ-ਹਾਜ਼ਰੀ ਨਾਲ ਹੋਰ ਖਿਡਾਰੀਆਂ ਨੂੰ ਖੁਦ ਨੂੰ ਸਾਬਤ ਕਰਨ ਦਾ ਮੌਕਾ ਮਿਲੇਗਾ। ਕਰਨਾਟਕ ਨੂੰ ਮਯੰਕ ਦੀ ਸਹਾਇਤਾ ਨਹੀਂ ਮਿਲ ਸਕੇਗੀ ਕਿਉਂਕਿ ਉਸ ਨੂੰ ਭਾਰਤ ਏ ਦੇ ਨਾਲ 10 ਜਨਵਰੀ ਨੂੰ ਨਿਊਜ਼ੀਲੈਂਡ ਦੌਰੇ 'ਤੇ ਜਾਣਾ ਹੈ ਤੇ ਬੀ. ਸੀ. ਸੀ. ਆਈ. ਨੇ ਉਸ ਨੂੰ ਆਗਾਮੀ ਰਣਜੀ ਮੈਚ ਤੋਂ ਬਾਹਰ ਰੱਖਣ ਦੀ ਅਪੀਲ ਕੀਤੀ ਹੈ। ਭਾਰਤ ਵਲੋਂ 6 ਟੈਸਟ ਮੈਚ ਖੇਡਣ ਵਾਲੇ ਨਾਇਰ ਨੇ ਕਿਹਾ ਕਿ ਮਯੰਕ ਵੱਡਾ ਖਿਡਾਰੀ ਹੈ ਪਰ ਉਸਦੀ ਗੈਰ-ਹਾਜ਼ਰੀ ਨਾਲ ਕਿਸੇ ਹੋਰ ਨੂੰ ਖੁਦ ਨੂੰ ਸਾਬਤ ਕਰਨ ਦਾ ਮੌਕਾ ਮਿਲੇਗਾ। ਮਯੰਕ ਨੇ ਆਪਣੇ ਛੋਟੇ ਕਰੀਅਰ 'ਚ ਹੁਣ ਤਕ ਟੈਸਟ ਕ੍ਰਿਕਟ 'ਚ 2 ਦੋਹਰੇ ਸੈਂਕੜੇ ਲਗਾਏ ਹਨ ਤੇ ਸ਼ੁਰੂ ਤੋਂ ਉਸਦੇ ਕਰੀਅਰ 'ਤੇ ਨਜ਼ਰ ਰੱਖਣ ਵਾਲੇ ਨਾਇਰ ਨੇ ਉਸਦੀ ਖੂਬ ਸ਼ਲਾਘਾ ਕੀਤੀ। ਨਾਇਰ ਨੇ ਕਿਹਾ ਕਿ ਮਯੰਕ ਸ਼ੁਰੂ ਤੋਂ ਹੀ ਸਖਤ ਮਿਹਨਤ ਕਰਨ ਵਾਲਾ ਖਿਡਾਰੀ ਹੈ, ਇਸ ਲਈ ਉਸ ਨੂੰ ਆਪਣੀ ਮਿਹਨਤ ਦਾ ਫਲ ਮਿਲ ਰਿਹਾ ਹੈ।

Gurdeep Singh

This news is Content Editor Gurdeep Singh