ਵਿੰਡੀਜ਼ ਖਿਲਾਫ ਵਨ-ਡੇ ਸੀਰੀਜ਼ 'ਚ ਧਵਨ ਦੀ ਜਗ੍ਹਾ ਟੀਮ 'ਚ ਸ਼ਾਮਲ ਹੋ ਸਕਦਾ ਹੈ ਮਯੰਕ ਅਗਰਵਾਲ

12/11/2019 11:11:57 AM

ਸਪੋਰਟਸ ਡੈਸਕ— ਭਾਰਤੀ ਟੈਸਟ ਟੀਮ ਦੇ ਸਲਾਮੀ ਬੱਲੇਬਾਜ ਮਯੰਕ ਅਗਰਵਾਲ ਵੈਸਟਇੰਡੀਜ਼ ਖਿਲਾਫ ਖੇਡੀ ਜਾਣ ਵਾਲੀ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਲਈ ਜ਼ਖਮੀ ਸ਼ਿਖਰ ਧਵਨ ਦੀ ਜਗ੍ਹਾ ਲੈ ਸਕਦਾ ਹੈ। ਭਾਰਤੀ ਟੀਮ ਵੈਸਟਇੰਡੀਜ਼ ਖਿਲਾਫ ਚੇਨਈ (15 ਦਸੰਬਰ), ਵਿਸ਼ਾਖਾਪਟਨਮ (18 ਦਸੰਬਰ) ਅਤੇ ਕਟਕ (22 ਦਸੰਬਰ) 'ਚ ਵਨ ਡੇ ਮੁਕਾਬਲੇ ਖੇਡੇਗੀ। ਧਵਨ ਦਾ ਗੋਡਾ ਸੱਯਦ ਮੁਸ਼ਤਾਕ ਅਲੀ ਟੀ-20 ਟਰਾਫੀ ਦੇ ਦੌਰਾਨ ਜ਼ਖਮੀ ਹੋ ਗਿਆ ਸੀ ਜਿਸ ਤੋਂ ਬਾਅਦ ਵੈਸਟਇੰਡੀਜ਼ ਖਿਲਾਫ ਮੌਜੂਦਾ ਟੀ-20 ਅੰਤਰਰਾਸ਼ਟਰੀ ਸੀਰੀਜ਼ 'ਚ ਉਨ੍ਹਾਂ ਦੀ ਜਗ੍ਹਾ ਸੰਜੂ ਸੈਮਸਨ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ।

ਅਜਿਹਾ ਲੱਗ ਰਿਹਾ ਸੀ ਕਿ ਧਵਨ ਵਨ ਡੇ ਸੀਰੀਜ਼ ਤੋਂ ਪਹਿਲਾਂ ਫਿੱਟ ਹੋ ਜਾਵੇਗਾ ਪਰ ਉਸ ਦੀ ਸੱਟ ਅਨੁਮਾਨ ਤੋਂ ਜ਼ਿਆਦਾ ਗੰਭੀਰ  ਹੈ। ਬੀ. ਸੀ. ਸੀ. ਆਈ. ਦੇ ਇਕ ਅਧਿਕਾਰੀ ਨੇ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਪੀ. ਟੀ. ਆਈ. ਦੇ ਹਵਾਲੇ ਤੋਂ ਕਿਹਾ, ''ਚੋਣ ਕਮੇਟੀ ਨੇ ਟੀਮ ਮੈਨੇਜਮੈਂਟ ਨਾਲ ਸਲਾਹ ਤੋਂ ਬਾਅਦ ਸ਼ਿਖਰ ਦੀ ਜਗ੍ਹਾ 'ਤੇ ਮਯੰਕ ਦੇ ਨਾਂ ਦੀ ਸਿਫਾਰਿਸ਼ ਕੀਤੀ ਹੈ।

ਇਸ ਤੋਂ ਪਹਿਲਾਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਬਿਆਨ ਜਾਰੀ ਕਰ ਕਿਹਾ ਸੀ ਕਿ ਬੀ. ਸੀ. ਸੀ. ਆਈ. ਦੀ ਮੈਡੀਕਲ ਟੀਮ ਸ਼ਿਖਰ ਧਵਨ ਦੀ ਸੱਟ 'ਤੇ ਨਜ਼ਰ ਬਣਾਏ ਰੱਖੀ ਹੈ। ਮੈਡੀਕਲ ਟੀਮ ਦਾ ਸੁਝਾਅ ਹੈ ਕਿ ਧਵਨ ਨੂੰ ਪੂਰੀ ਤਰ੍ਹਾਂ ਠੀਕ ਹੋਣ 'ਚ ਅਜੇ ਕੁੱਝ ਹੋਰ ਦਿਨ ਲੱਗਣਗੇ ਤਾਂ ਜੋ ਉਹ ਪੂਰੀ ਤਰ੍ਹਾਂ ਠੀਕ ਹੋ ਕੇ ਮੈਦਾਨ 'ਚ ਉਤਰ ਸਕਣ। ਇਸ ਦੌਰਾਨ ਬੈਂਗਲੁਰੂ ਮਿਰਰ ਦੀ ਇਕ ਰਿਪੋਰਟ ਮੁਤਾਬਕ ਸ਼ਿਖਰ ਧਵਨ ਨੂੰ ਠੀਕ ਹੋਣ 'ਚ ਅਜੇ ਹੋਰ ਸਮਾਂ ਲੱਗ ਸਕਦਾ ਹੈ।ਮਯੰਕ ਨੂੰ ਵਰਲਡ ਕੱਪ 'ਚ ਵਿਜੇ ਸ਼ੰਕਰ ਦੀ ਜਗ੍ਹਾ ਟੀਮ 'ਚ ਸ਼ਾਮਲ ਕੀਤਾ ਗਿਆ ਸੀ ਪਰ ਉਸ ਨੂੰ ਪਲੇਇੰਗ ਇਲੈਵਨ 'ਚ ਜਗ੍ਹਾ ਨਹੀਂ ਮਿਲ ਸਕੀ ਸੀ। ਅਜਿਹੇ 'ਚ ਉਸ ਨੂੰ ਵਨ ਡੇ 'ਚ ਵੀ ਡੈਬਿਊ ਦਾ ਇੰਤਜ਼ਾਰ ਹੈ। ਮਯੰਕ ਨੇ ਟੈਸਟ ਕ੍ਰਿਕਟ 'ਚ ਹੁਣ ਤਕ ਖੇਡੀ ਗਈ 13 ਪਾਰੀਆਂ 'ਚ ਤਿੰਨ ਸੈਂਕੜੇ, ਤਿੰਨ ਅਰਧ ਸੈਂਕੜੇ ਅਤੇ 2 ਦੋਹਰੇ ਸੈਂਕੜਿਆਂ ਦੀ ਮਦਦ ਨਾਲ 872 ਦੌੜਾਂ ਬਣਾਈਆਂ ਹਨ ਅਤੇ ਉਸ ਤੋਂ ਬਾਅਦ ਸੱਯਦ ਮੁਸ਼ਤਾਕ ਅਲੀ ਟੀ-20 ਟਰਾਫੀ 'ਚ ਵੀ ਰੱਜ ਕੇ ਦੌੜਾਂ ਬਣਾਈਆਂ ਹਨ।