ਵਿਸ਼ਵ ਕੱਪ ਵਿਚ ਗੇਂਦਬਾਜ਼ੀ ਨਾਲ ਕਮਾਲ ਦਿਖਾਉਣਾ ਚਾਹੁੰਦੇ ਹਨ ਮੈਕਸਵੈਲ

05/22/2019 5:21:36 PM

ਸਾਊਥੰਪਟਨ : ਆਪਣੀ ਤੂਫਾਨੀ ਬੱਲੇਬਾਜ਼ੀ ਲਈ ਮਸ਼ਹੂਰ ਗਲੈਨ ਮੈਕਸਵੈਲ ਵਿਸ਼ਵ ਕੱਪ ਵਿਚ ਆਪਣੀ ਆਫ ਸਪਿਨ ਗੇਂਦਬਾਜ਼ੀ ਨਾਲ ਆਸਟਰੇਲੀਆ ਨੂੰ ਜਿਤਾਉਣਾ ਚਾਹੰਦੇ ਹਨ। ਐਰੋਨ ਫਿੰਚ ਦੇ ਕਪਤਾਨ ਬਣਨ ਦੇ ਬਾਅਦ ਤੋਂ ਮੈਕਸਵੈਲ ਨੇ ਹਰ ਮੈਚ ਵਿਚ 5 ਦੀ ਔਸਤ ਨਾਲ ਓਵਰ ਕੀਤੇ ਹਨ। ਉੱਥੇ ਹੀ ਸਟੀਵ ਸਮਿਥ ਦੀ ਕਪਤਾਨੀ ਵਿਚ ਉਸ ਨੇ 2.4 ਦੀ ਔਸਤ ਨਾਲ ਓਵਰ ਕੀਤੇ ਸੀ। ਉਸ ਨੇ ਭਾਰਤ ਅਤੇ ਯੂ. ਏ. ਈ. ਦੌਰੇ 'ਤੇ 3 ਵਾਰ 10 ਓਵਰ ਦਾ ਕੋਟਾ ਵੀ ਪੂਰਾ ਕੀਤਾ।

ਮੈਕਸਵੈਲ ਨੇ ਕਿਹਾ, ''ਮੈਂ ਦੁਬਈ ਅਤੇ ਭਾਰਤ ਵਿਚ ਕੁਝ ਓਵਰ ਗੇਂਦਬਾਜ਼ੀ ਕੀਤੀ। ਕੁਝ ਹੋਰ ਓਵਰ ਸੁੱਟ ਕੇ ਲੈਅ ਬਣਾ ਕੇ ਰੱਖਣਾ ਚਾਹੁੰਦਾ ਸੀ। ਮੈਂ ਲੰਕਾਸ਼ਰ ਵਿਚ ਕਾਊਂਟੀ ਖੇਡਦਿਆਂ ਉਸ ਸਮੇਂ ਲੈਅ ਕਾਇਮ ਰੱਖੀ। ਇਕ ਰੈਗੁਲਰ ਗੇਂਦਬਾਜ਼ ਦੇ ਕੋਲ ਲੈਅ ਹੋਣੀ ਜ਼ਰੂਰੀ ਹੈ। ਮੈਂ ਦੌੜਾਂ ਰੋਕਣ ਲਈ ਗੇਂਦਬਾਜ਼ੀ ਕਰਦਾ ਹਾਂ। ਅਜਿਹੇ 'ਚ ਵਿਰੋਧੀ ਟੀਮ 'ਤੇ ਦਬਾਅ ਆ ਜਾਂਦਾ ਹੈ। ਮੈਂ ਦੂਜੇ ਗੇਂਦਬਾਜ਼ਾਂ ਦੇ ਸਹਾਇਕ ਦੀ ਭੂਮਿਕਾ ਨਿਭਾਉਣਾ ਚਾਹੁੰਦਾ ਹਾਂ। ਆਈ. ਪੀ. ਐੱਲ. ਨਹੀਂ ਖੇਡਣਾ ਵੱਡਾ ਫੈਸਲਾ ਸੀ। ਲੰਬੇ ਸਮੇਂ ਵਿਚ ਮੈਂ ਆਪਣੀ ਪਹਿਚਾਨ 2 ਵਾਰ ਵਿਸ਼ਵ ਕੱਪ ਜਿੱਤਣ ਵਾਲੇ ਖਿਡਾਰੀ ਦੇ ਰੂਪ 'ਚ ਬਣਾਉਣਾ ਚਾਹੁੰਦਾ ਹਾਂ। ਅਮੀਰ ਖਿਡਾਰੀ ਦੇ ਰੂਪ 'ਚ ਨਹੀਂ।'' ਮੈਕਸਵੈਲ ਨੇ ਆਸਟਰੇਲੀਆਈ ਟੈਸਟ ਟੀਮ ਵਿਚ ਆਪਣੀ ਜਗ੍ਹਾ ਹਾਸਲ ਕਰਨ ਲਈ ਆਈ. ਪੀ. ਐੱਲ. ਛੱਡ ਕੇ ਕਾਊਂਟੀ ਕ੍ਰਿਕਟ ਖੇਡਿਆ ਸੀ।