ਸੈਮੀਫਾਈਨਲ ਤੋਂ ਪਹਿਲਾਂ ਮੈਰੀਕੋਮ ਨੇ ਮਹਿਲਾ ਹਾਕੀ ਟੀਮ ਨੂੰ ਦਿੱਤਾ ਇਹ ਸੰਦੇਸ਼

06/29/2017 7:58:45 PM

ਨਵੀਂ ਦਿੱਲੀ— ਆਪਣੇ ਰੋਸ਼ਨ ਕਰੀਅਰ 'ਚ ਐੱਮ. ਸੀ. ਮੈਰੀ ਕੋਮ ਨੂੰ ਕਈ ਵਾਰ ਵੱਡੀਆਂ ਮਸੀਬਤਾਂ ਨਾਲ ਲੜਨਾ ਪਿਆ ਅਤੇ ਉਸ ਨੇ ਭਾਰਤੀ ਮਹਿਲਾ ਹਾਕੀ ਟੀਮ ਨੂੰ ਵੀ ਕਦੇ ਹਾਰ ਨਹੀਂ ਮੰਨਣ ਦਾ ਸੰਦੇਸ਼ ਦਿੱਤਾ ਹੈ, ਜੋ ਲੰਡਨ 2018 'ਚ ਹੋਣ ਵਾਲੇ ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਦੇ ਆਪਣੇ ਅਭਿਆਨ ਦੀ ਸ਼ੁਰੂਆਤ ਕਰਨ ਵਾਲੀ ਹੈ। 5 ਵਾਰ ਦੀ ਵਿਸ਼ਵ ਚੈਂਪੀਅਨ ਅਤੇ ਲੰਡਨ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਮੈਰੀਕੋਮ ਨੇ 8 ਤੋਂ 23 ਜੁਲਾਈ ਤੱਕ ਜੋਹਾਨਿਸਬਰਗ 'ਚ ਹੋਣ ਵਾਲੇ ਐੱਫ. ਆਈ. ਐੱਚ. ਹਾਕੀ ਵਿਸ਼ਵ ਲੀਗ ਸੈਮੀਫਾਈਨਲ ਦੀਆਂ ਤਿਆਰੀਆਂ 'ਚ ਲੱਗੀ ਭਾਰਤੀ ਮਹਿਲਾ ਹਾਕੀ ਟੀਮ ਦੇ ਨਾਲ ਕੁੱਝ ਸਮੇਂ ਬਿਤਾਇਆ।
ਭਾਰਤੀ ਮਹਿਲਾ ਹਾਕੀ ਟੀਮ ਦੇ ਮੁੱਖ ਕੋਚ ਮਗਯੇ ਸ਼ੂਅਰਡ ਨੇ ਕਿਹਾ ਕਿ ਅਸੀਂ ਇਸ ਪ੍ਰਤੀਯੋਗਿਤਾ ਲਈ ਖੁਦ ਨੂੰ ਤਿਆਰ ਕਰਨ ਲਈ ਕੋਈ ਕਸਰ ਨਹੀਂ ਛੱਡ ਰਹੇ ਹਾਂ। ਇੱਥੇ ਤੱਕ ਕਿ ਕੱਲ ਸਾਡਾ ਮੈਰੀਕੋਮ ਦੇ ਨਾਲ ਲੰਬਾ ਪ੍ਰੇਰਣਾਦਾਈ ਸੈਸ਼ਨ ਰਿਹਾ। ਇਹ ਲੜਕੀਆਂ ਦੇ ਲਈ ਹੈਰਾਨੀ ਭਰਿਆ ਸੀ ਪਰ ਉਨ੍ਹਾਂ ਨੇ ਇਸ ਨੂੰ ਕਾਫੀ ਪਸੰਦ ਕੀਤਾ। ਭਾਰਤੀ ਮਹਿਲਾ ਟੀਮ ਨੂੰ ਵਿਸ਼ਵ 'ਚ ਤੀਜੇ ਨੰਬਰ ਦੇ ਅਰਜਨਟੀਨਾ, ਵਿਸ਼ਵ 'ਚ ਛੇਵੇ ਨੰਬਰ ਦੇ ਅਮਰੀਕਾ, ਮੇਜ਼ਬਾਨ ਦੱਖਣੀ ਅਫਰੀਕਾ ਅਤੇ ਚਿੱਲੀ ਦੇ ਨਾਲ ਪੂਲ ਬੀ 'ਚ ਰੱਖਿਆ ਗਿਆ ਹੈ। ਭਾਰਤ ਨੂੰ ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਲਈ ਚੋਟੀ 5 'ਚ ਜਗ੍ਹਾ ਬਣਾਉਣੀ ਹੋਵੇਗੀ। ਕੋਚ ਨੂੰ ਇਹ ਚੰਗਾ ਲੱਗਾ ਕਿ ਮੈਰੀਕੋਮ ਲੜਕੀਆਂ ਨੂੰ ਮਿਲੀ ਅਤੇ ਉਸ ਨੇ ਆਪਣੀ ਕਹਾਣੀ ਨਾਲ ਲੜਕੀਆਂ ਨੂੰ ਪ੍ਰੇਰਿਤ ਕੀਤਾ।
ਉਨ੍ਹਾਂ ਨੇ ਕਿਹਾ ਕਿ ਮੈਰੀ ਨੇ ਸੈਸ਼ਨ ਦੌਰਾਨ ਲੜਕੀਆਂ ਨੂੰ ਆਪਣੀ ਕਹਾਣੀ ਸੁਣਾਈ। ਉਸ ਨੇ ਉਨ੍ਹਾਂ ਸਾਰੀਆਂ ਕਠਿਨਾਈਆਂ ਦਾ ਜ਼ਿਕਰ ਕੀਤਾ, ਜਿਸ ਦਾ ਉਸ ਨੇ ਸਾਹਮਣਾ ਕੀਤਾ। ਉਸ ਨੇ ਦੱਸਿਆ ਕਿ ਮਾਨਸਿਕ ਤਿਆਰੀਆਂ ਕਿਵੇਂ ਮਹੱਤਵਪੂਰਣ ਹੁੰਦੀਆਂ ਹਨ। ਇਹ ਵਾਸਤਵ 'ਚ ਪ੍ਰੇਰਣਾਦਾਈ ਸੈਸ਼ਨ ਰਿਹਾ। ਸੁਅਰਡ ਨੇ ਕਿਹਾ ਕਿ ਭਾਰਤੀ ਟੀਮ ਅਜੇ ਚੰਗੀ ਸਥਿਤੀ 'ਚ ਹੈ ਅਤੇ ਸਕਾਰਾਤਮਕ ਨਤੀਜੇ ਹਾਸਲ ਕਰਨ ਲਈ ਭਰੋਸੇਮੰਦ ਹੈ। ਉਨ੍ਹਾਂ ਨੇ ਕਿਹਾ ਕਿ ਸਾਡਾ ਟੀਚਾ ਵਿਸ਼ਵ ਕੱਪ ਲਈ ਕੁਆਲੀਫਾਈ ਕਰਨਾ ਹੈ। ਸਾਡੇ ਪੂਲ 'ਚ ਅਰਜਨਟੀਨਾ ਅਤੇ ਅਮਰੀਕਾ 2 ਜ਼ਿਆਦਾ ਰੈਂਕਿੰਗ ਵਾਲੀਆਂ ਟੀਮਾਂ ਹਨ ਪਰ ਅਸੀਂ ਆਪਣੇ ਮੁਕਾਬਲੇਬਾਜ਼ ਟੀਮਾਂ ਨੂੰ ਲੈ ਕੇ ਪਰੇਸ਼ਾਨ ਨਹੀਂ ਹਾਂ। ਅਸੀਂ ਕੇਵਲ ਆਪਣੇ ਖੇਡ 'ਤੇ ਧਿਆਨ ਦੇ ਰਹੇ ਹਾਂ।