ਮੈਰੀਕਾਮ ਰਾਸ਼ਟਰਮੰਡਲ ਖੇਡਾਂ ''ਚ ਹਿੱਸਾ ਨਹੀਂ ਲੈ ਸਕੇਗੀ, ਚੋਣ ਟ੍ਰਾਇਲ ਦੌਰਾਨ ਹੋਈ ਸੱਟ ਦਾ ਸ਼ਿਕਾਰ

06/11/2022 2:13:22 PM

ਨਵੀਂ ਦਿੱਲੀ- ਬਰਮਿੰਘਮ ਰਾਸ਼ਟਰਮੰਡਲ ਖੇਡਾਂ 'ਚ ਹਿੱਸਾ ਲੈਣ ਦਾ ਤਜਰਬੇਕਾਰ ਭਾਰਤੀ ਮੁੱਕੇਬਾਜ਼ ਐੱਮ. ਸੀ. ਮੈਰੀਕਾਮ ਦਾ ਸੁਫ਼ਨਾ ਸ਼ੁੱਕਰਵਾਰ ਨੂੰ ਟੁੱਟ ਗਿਆ ਜਦੋਂ ਗੋਡੇ 'ਤੇ ਸੱਟ ਲੱਗਣ ਦੇ ਬਾਅਦ ਉਨ੍ਹਾਂ ਨੂੰ 48 ਕਿਲੋਗ੍ਰਾਮ ਦੇ ਟ੍ਰਾਇਲ ਨੂੰ ਵਿਚਾਲੇ ਹੀ ਛੱਡਣ ਲਈ ਮਜਬੂਰ ਹੋਣਾ ਪਿਆ। 6 ਵਾਰ ਦੀ ਵਿਸ਼ਵ ਚੈਂਪੀਅਨ 48 ਕਿਲੋਗ੍ਰਾਮ ਸੈਮੀਫਾਈਨਲ ਦੇ ਪਹਿਲੇ ਰਾਊਂਡ 'ਚ ਆਪਣੇ ਖੱਬੇ ਗੋਡੇ 'ਤੇ ਸੱਟ ਲਗਾ ਬੈਠੀ। 

ਇਹ ਵੀ ਪੜ੍ਹੋ : ਖੇਡ ਮੰਤਰੀ ਮਨੋਜ ਤਿਵਾੜੀ ਨੇ ਰਣਜੀ ਟਰਾਫੀ 'ਚ ਸੈਂਕੜਾ ਠੋਕ ਕੇ ਰਚਿਆ ਇਤਿਹਾਸ, ਬੰਗਾਲ ਸੈਮੀਫਾਈਨਲ 'ਚ

ਇਸ ਕਾਰਨ ਉਹ ਰਾਸ਼ਟਰਮੰਡਲ ਖੇਡਾਂ 'ਚ ਨਹੀਂ ਖੇਡ ਸਕੇਗੀ ਜਿਸ 'ਚ ਉਹ ਪਿਛਲੇ 2018 ਸੈਸ਼ਨ 'ਚ ਸੋਨ ਤਮਗ਼ਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਮੁੱਕੇਬਾਜ਼ ਬਣੀ ਸੀ। ਉਨ੍ਹਾਂ ਦੇ ਹਟਣ ਨਾਲ ਹਰਿਆਣਾ ਦੀ ਨੀਤੂ ਨੇ ਇੱਥੇ ਇੰਦਰਾ ਗਾਂਧੀ ਕੌਮਾਂਤਰੀ ਸਟੇਡੀਅਮ 'ਚ ਰਾਸ਼ਟਰਮੰਡਲ ਖੇਡਾਂ ਦੇ ਟ੍ਰਾਇਲ ਦੇ ਫਾਈਨਲ 'ਚ ਪ੍ਰਵੇਸ਼ ਕੀਤਾ। ਲੰਡਨ ਓਲੰਪਿਕ ਦੀ ਕਾਂਸੀ ਤਮਗ਼ਾ ਜੇਤੂ ਮੈਰੀਕਾਮ ਬਾਊਟ ਦੇ ਪਹਿਲੇ ਹੀ ਦੌਰ ਰਿੰਗ 'ਚ ਡਿਗ ਪਈ। 

ਇਹ ਵੀ ਪੜ੍ਹੋ : ਸਿੰਧੂ ਦੀ ਹਾਰ ਦੇ ਨਾਲ ਭਾਰਤ ਇੰਡੋਨੇਸ਼ੀਆ ਮਾਸਟਰਸ ਤੋਂ ਬਾਹਰ

39 ਸਾਲਾ ਇਸ ਖਿਡਾਰੀ ਨੇ ਉਠ ਕੇ ਮੁਕਾਬਲਾ ਖੇਡਣ ਦੀ ਕੋਸ਼ਿਸ਼ ਕੀਤੀ ਪਰ ਇਕ-ਦੋ ਮੁੱਕੇ ਲੱਗਣ ਦੇ ਬਾਅਦ ਉਸ ਦਾ ਸੰਤੁਲਨ ਵਿਗੜ ਗਿਆ ਤੇ ਉਹ ਖੱਬਾ ਪੈਰ ਫੜ ਕੇ ਬੈਠ ਗਈ। ਉਨ੍ਹਾਂ ਨੂੰ ਇਸ ਤੋਂ ਬਾਅਦ ਰਿੰਗ ਤੋਂ ਬਾਹਰ ਜਾਣਾ ਪਿਆ ਤੇ ਰੈਫਰੀ ਨੇ ਨੀਤੂ ਨੂੰ ਜੇਤੂ ਐਲਾਨ ਦਿੱਤਾ। ਇਸ ਸਾਲ ਆਪਣੇ ਡੈਬਿਊ 'ਚ ਵੱਕਾਰੀ ਸਟ੍ਰੈਂਡਜਾ ਮੈਮੋਰੀਅਲ ਟੂਰਨਾਮੈਂਟ 'ਚ ਸੋਨ ਤਮਗ਼ਾ ਜਿੱਤਣ ਵਾਲੀ ਨੀਤੂ ਦਾ ਸਾਹਮਣਾ ਹੁਣ ਰਾਸ਼ਟਰਮੰਡਲ ਖੇਡਾਂ ਦੀ ਟੀਮ 'ਚ ਜਗ੍ਹਾ ਬਣਾਉਣ ਲਈ ਮੰਜੂ ਨਾਲ ਹੋਵੇਗਾ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 

Tarsem Singh

This news is Content Editor Tarsem Singh