ਜ਼ਰੀਨ ਦਾ ਸਮਰਥਨ ਕਰਨ ''ਤੇ ਮੈਰੀਕਾਮ ਨੇ ਓਲੰਪਿਕ ਜੇਤੂ ਬਿੰਦਰਾ ''ਤੇ ਕੀਤਾ ਪਲਟਵਾਰ

10/20/2019 3:54:56 PM

ਨਵੀਂ ਦਿੱਲੀ- ਭਾਰਤੀ ਸਟਾਰ ਮਹਿਲਾ ਮੁੱਕੇਬਾਜ਼ ਐੱਮ. ਸੀ. ਮੈਰੀਕਾਮ ਨੇ ਸ਼ਨੀਵਾਰ ਨੂੰ ਓਲੰਪਿਕ ਚੈਂਪੀਅਨ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਵੱਲੋਂ ਨਿਕਹਤ ਜ਼ਰੀਨ ਦੀ ਮੰਗ ਦਾ ਸਮਰਥਨ ਕਰਨ ਨੂੰ ਲੈ ਕੇ ਨਿਰਾਸ਼ਾ ਪ੍ਰਗਟਾਈ ਹੈ ਅਤੇ ਕਿਹਾ ਕਿ ਉਸ  ਨੂੰ ਮੁੱਕੇਬਾਜ਼ੀ 'ਚ ਦਖ਼ਲਅੰਦਾਜ਼ੀ ਨਹੀਂ ਕਰਨੀ ਚਾਹੀਦੀ ਹੈ। ਵੀਰਵਾਰ ਨੂੰ ਬਿੰਦਰਾ ਨੇ ਜ਼ਰੀਨ ਦੇ 6 ਵਾਰ ਦੀ ਵਿਸ਼ਵ ਚੈਂਪੀਅਨ ਮੁੱਕੇਬਾਜ਼ ਖਿਲਾਫ ਟ੍ਰਾਇਲ ਕਰਵਾਉਣ ਦੀ ਮੰਗ ਦਾ ਸਮਰਥਨ ਕੀਤਾ ਸੀ ਪਰ ਓਲੰਪਿਕ ਕਾਂਸੀ ਤਮਗਾ ਜੇਤੂ ਮੈਰੀਕਾਮ ਨੂੰ ਇਹ ਗੱਲ ਪਸੰਦ ਨਹੀਂ ਆਈ। ਮੈਰੀਕਾਮ ਨੇ ਕਿਹਾ, ''ਬਿੰਦਰਾ ਓਲੰਪਿਕ ਸੋਨ ਤਮਗਾ ਜਿੱਤ ਚੁੱਕਾ ਹੈ ਪਰ ਮੈਂ ਵੀ ਵਿਸ਼ਵ ਚੈਂਪੀਅਨਸ਼ਿਪ 'ਚ ਕਈ ਸੋਨ ਤਮਗੇ ਜਿੱਤੇ ਹਨ। ਮੁੱਕੇਬਾਜ਼ੀ 'ਚ ਦਖਲ ਚੰਗਾ ਨਹੀਂ ਹੈ ਤੇ ਨਾ ਹੀ ਉਸ ਦਾ ਇਸ ਨਾਲ ਕੋਈ ਲੈਣਾ-ਦੇਣਾ ਹੈ। ਮੈਂ ਨਿਸ਼ਾਨੇਬਾਜ਼ੀ ਦੇ ਬਾਰੇ 'ਚ ਗੱਲ ਨਹੀਂ ਕਰਦੀ। ਇਸ ਲਈ ਉਸ ਲਈ ਬਿਹਤਰ ਇਹੋ ਹੋਵੇਗਾ ਕਿ ਉਹ ਵੀ ਮੁੱਕੇਬਾਜ਼ੀ 'ਤੇ ਚੁੱਪ ਰਹੇ। ਉਹ ਮੁੱਕੇਬਾਜ਼ੀ ਦੇ ਨਿਯਮ ਨਹੀਂ ਜਾਣਦਾ।''

ਦੱਸ ਦਈਏ ਕਿ ਜਰੀਨ ਨੇ ਖੇਡ ਮੰਤਰੀ ਕਿਰੇਨ ਰਿਜਿਜੂ ਨੂੰ ਚਿੱਠੀ ਲਿਖ ਕੇ ਓਲੰਪਿਕ ਕੁਆਲੀਫਾਇਰ ਲਈ ਟੀਮ ਵਿਚ ਜਗ੍ਹਾ ਪਾਉਣ ਦੀ ਮੌਕਾ ਦਿੱਤੇ ਜਾਣ ਦੀ ਮੰਗ ਕੀਤੀ ਸੀ। ਜਿਸ ਨੂੰ ਠੁਕਰਾ ਦਿੱਤਾ ਗਿਆ ਸੀ। ਇਸ 'ਤੇ ਬਿੰਦਰਾ ਨੇ ਵੀ ਟਵੀਟ ਕਰ ਜ਼ਰੀਨ ਦਾ ਸਮਰਥਨ ਕੀਤਾ ਸੀ। ਉਸ ਨੇ ਲਿਖਿਆ ਸੀ, ''ਮੈਂ ਮੈਰੀਕਾਮ ਦਾ ਪੂਰਾ ਸਨਮਾਨ ਕਰਦਾ ਹਾਂ ਪਰ ਖਿਡਾਰੀ ਨੂੰ ਆਪਣੇ ਕਰੀਅਰ ਵਿਚ ਵਾਰ-ਵਾਰ ਸਬੂਤ ਦੇਣੇ ਪੈਂਦੇ ਹਨ। ਇਹ ਸਬੂਤ ਕਿ ਅਸੀਂ ਅੱਜ ਵੀ ਕਲ ਦੀ ਤਰ੍ਹਾਂ ਖੇਡ ਸਕਦੇ ਹਾਂ। ਕਲ ਤੋਂ ਬਿਹਤਰ ਅਤੇ ਆਉਣ ਵਾਲੇ ਕਲ ਤੋਂ ਬਿਹਤਰ। ਖੇਡ ਵਿਚ ਗੁਜ਼ਰਿਆ ਕਲ ਮਾਇਨੇ ਨਹੀਂ ਰੱਖਦਾ।''

ਟ੍ਰਾਇਲ 'ਚ ਜ਼ਰੀਨ ਨਾਲ ਲੜਨ ਤੋਂ ਨਹੀਂ ਡਰਦੀ
ਇਸ ਤੋਂ ਪਹਿਲਾਂ 6 ਵਾਰ ਦੀ ਮਹਿਲਾ ਵਰਲਡ ਚੈਂਪੀਅਨ ਮੁੱਕੇਬਾਜ਼ ਐੱਮ. ਸੀ. ਮੈਰੀਕਾਮ ਨੇ ਕਿਹਾ ਸੀ ਕਿ ਉਹ ਓਲੰਪਿਕ ਕੁਆਲੀਫਾਇਰ ਲਈ ਟ੍ਰਾਇਲ ਵਿਚ ਨਿਕਹਤ ਜ਼ਰੀਨ ਨਾਲ ਭਿੜਨ ਤੋਂ ਡਰਦੀ ਨਹੀਂ ਹੈ ਕਿਉਂਕਿ ਇਹ ਸਿਰਫ ਇਕ 'ਰਸਮੀ' ਹੀ ਹੋਵੇਗਾ। ਭਾਰਤੀ ਮੁੱਕੇਬਾਜ਼ੀ ਮਹਾਸੰਘ (ਬੀ. ਐੱਫ. ਆਈ.) ਨੇ ਕਿਹਾ ਸੀ ਕਿ ਮੈਰੀਕਾਮ (51 ਕਿ.ਗ੍ਰਾ) ਦੇ ਹਾਲ ਹੀ 'ਚ ਰੂਸ ਵਿਚ ਵਰਲਡ ਚੈਂਪੀਅਨਸ਼ਿਪ ਵਿਚ ਕਾਂਸੀ ਤਮਗਾ ਜਿੱਤਣ ਦੇ ਪ੍ਰਦਰਸ਼ਨ ਨੂੰ ਧਿਆਨ ਵਿਚ ਰੱਖਦਿਆਂ ਉਹ 6 ਵਾਰ ਦੀ ਵਰਲਡ ਚੈਂਪੀਅਨ ਨੂੰ ਚੁਣਨ ਦਾ ਇਰਾਦਾ ਰੱਖਦਾ ਹੈ। ਮੈਰੀਕਾਮ ਨੇ ਇਕ ਸਨਮਾਨ ਸਮਾਰੋਹ ਦੌਰਾਨ ਕਿਹਾ ਸੀ ਕਿ ਇਹ ਫੈਸਲਾ ਬੀ. ਐੱਫ. ਆਈ. ਵੱਲੋਂ ਲਿਆ ਗਿਆ ਹੈ। ਮੈਂ ਨਿਯਮ ਨਹੀਂ ਬਦਲ ਸਕਦੀ। ਮੈਂ ਸਿਰਫ ਪ੍ਰਦਰਸ਼ਨ ਕਰ ਸਕਦੀ ਹਾਂ। ਉਹ ਜੋ ਵੀ ਫੈਸਲਾ ਕਰਨਗੇ, ਮੈਂ ਉਸ ਦੀ ਪਾਲਣਾ ਕਰਾਂਗੀ। ਮੈਂ ਉਸ (ਜ਼ਰੀਨ) ਨਾਲ ਭਿੜਨ ਤੋਂ ਨਹੀਂ ਡਰਦੀ, ਮੈਨੂੰ ਟ੍ਰਾਇਲ ਤੋਂ ਕੋਈ ਪ੍ਰੇਸ਼ਾਨੀ ਨਹੀਂ ਹੈ।''