ਬ੍ਰੇਕਅਪ ਕਰਨ ''ਤੇ ਮਾਰਸ਼ਲ ਆਰਟ ਫਾਈਟਰ ਸਿੰਡੀ ਨੂੰ ਪ੍ਰੇਮੀ ਨੇ ਕੁੱਟਿਆ

12/10/2019 12:34:26 AM

ਨਵੀਂ ਦਿੱਲੀ - ਪਿਆਰ ਦੁਨੀਆ ਦੀ ਸਭ ਤੋਂ ਬਿਹਤਰੀਨ ਚੀਜ਼ ਹੁੰਦੀ ਹੈ ਪਰ ਜਦੋਂ ਇਹ ਪ੍ਰੇਸ਼ਾਨੀ ਦਾ ਸਬੱਬ ਬਣ ਜਾਵੇ ਤਾਂ ਬਹੁਤ ਤਕਲੀਫ ਹੁੰਦੀ ਹੈ। ਕੁਝ ਅਜਿਹਾ ਹੀ ਮਿਕਸਡ ਮਾਰਸ਼ਲ ਆਰਟਸ (ਐੱਮ. ਐੱਮ. ਏ.) ਦੀ ਸਟਾਰ ਫਾਈਟਰ ਸਿੰਡੀ ਡੇਨਡੋਇਸ ਨਾਲ ਹੋਇਆ। ਰਿੰਗ ਵਿਚ ਦੁਨੀਆ ਦੀਆਂ ਕਈ ਧਾਕੜ ਫਾਈਟਰਾਂ ਨੂੰ ਧੂੜ ਚਟਾਉਣ ਵਾਲੀ ਸਿੰਡੀ ਆਪਣੇ ਪ੍ਰੇਮੀ ਤੋਂ ਹਾਰ ਗਈ।
ਬੈਲਜੀਅਮ ਦੀ 35 ਸਾਲਾ ਸਿੰਡੀ ਦਾ ਕੁਝ ਮਹੀਨਿਆਂ ਤੋਂ ਇਕ ਅਣਜਾਣ ਆਦਮੀ ਨਾਲ ਅਫੇਅਰ ਚੱਲ ਰਿਹਾ ਸੀ ਪਰ ਹਾਲ ਹੀ ਵਿਚ ਸਿੰਡੀ ਨੇ ਉਸ ਨਾਲੋਂ ਰਿਸ਼ਤਾ ਤੋੜ ਲਿਆ। ਫਿਰ ਉਹ ਵਿਅਕਤੀ ਸਿੰਡੀ ਦੇ ਘਰ ਆਇਆ। ਉਥੇ ਘਰ ਦੇ ਬਾਹਰ ਦੋਵਾਂ 'ਚ ਕਾਫੀ ਬਹਿਸ ਹੋਈ। ਫਿਰ ਉਸ ਨੇ ਸਿੰਡੀ 'ਤੇ ਹਮਲਾ ਕਰ ਦਿੱਤਾ। ਉਸ ਨੇ ਚਾਬੀ ਨਾਲ ਸਿੰਡੀ ਦੇ ਨੱਕ 'ਤੇ ਵਾਰ ਕਰ ਦਿੱਤਾ, ਜਿਸ ਨਾਲ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਸਿੰਡੀ ਨੂੰ ਰੱਜ ਕੇ ਕੁੱਟਣ ਤੋਂ ਬਾਅਦ ਉਹ ਉਥੋਂ ਭੱਜ ਗਿਆ। ਸਿੰਡੀ ਨੂੰ ਉਸ ਦੇ ਗੁਆਂਢੀਆਂ ਨੇ ਹਸਪਤਾਲ ਪਹੁੰਚਾਇਆ। ਉਸ ਦੇ ਨੱਕ 'ਤੇ 7 ਟਾਂਕੇ ਲੱਗੇ ਤੇ ਸਰੀਰ ਦੇ ਹੋਰਨਾਂ ਹਿੱਸਿਆਂ 'ਤੇ ਵੀ ਸੱਟਾਂ ਲੱਗੀਆਂ।
ਬਾਅਦ 'ਚ ਸਿੰਡੀ ਨੇ ਮੀਡੀਆ ਨੂੰ ਕਿਹਾ, ''ਮੈਂ ਇਹ ਰਿਸ਼ਤਾ ਅੱਗੇ ਬਰਕਰਾਰ ਨਹੀਂ ਰੱਖਣਾ ਚਾਹੁੰਦੀ ਸੀ। ਮੈਂ ਉਸ ਨੂੰ ਕਿਹਾ ਕਿ ਅਸੀਂ ਸਿਰਫ ਦੋਸਤ ਬਣ ਕੇ ਰਹਾਂਗੇ ਪਰ ਉਹ ਨਹੀਂ ਮੰਨਿਆ ਤੇ ਉਸ ਨੇ ਮੇਰੇ 'ਤੇ ਹਮਲਾ ਕਰ ਦਿੱਤਾ। ਹਾਲਾਂਕਿ ਉਸ ਨੇ ਕਈ ਵਾਰ ਮੈਨੂੰ ਧਮਕੀ ਦਿੱਤੀ ਸੀ ਪਰ ਮੈਂ ਉਸਦੀਆਂ ਧਮਕੀਆਂ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ। ਸਿੰਡੀ ਨੇ ਕਿਹਾ, ''ਮੈਂ ਰਿੰਗ 'ਚੋਂ ਬਾਹਰ ਕਦੇ ਨਹੀਂ ਲੜਨਾ ਚਾਹੁੰਦੀ। ਹਾਲਾਂਕਿ ਮੈਂ ਆਪਣਾ ਬਚਾਅ ਕੀਤਾ ਪਰ ਅਚਾਨਕ ਹੋਏ ਹਮਲੇ ਨਾਲ ਮੈਂ ਜ਼ਖ਼ਮੀ ਹੋ ਗਈ।'' ਇਸ ਸਾਰੇ ਮਾਮਲੇ ਦੇ  ਬਾਵਜੂਦ ਸਿੰਡੀ ਨੇ  ਕਿਹਾ ਕਿ ਉਹ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕਰਨਾ ਚਾਹੁੰਦੀ।


Gurdeep Singh

Content Editor

Related News