ਮੈਰੀ, ਸਿੰਧੂ, ਵਿਨੇਸ਼, ਦੂਤੀ ਤੇ ਮਾਨਸੀ BBC ਮਹਿਲਾ ਐਵਾਰਡ ਦੀਆਂ ਦਾਅਵੇਦਾਰ

02/04/2020 12:54:52 AM

ਨਵੀਂ ਦਿੱਲੀ— 6 ਵਾਰ ਦੀ ਚੈਂਪੀਅਨ ਮਹਿਲਾ ਮੁੱਕੇਬਾਜ਼ ਐੱਮ. ਸੀ. ਮੈਰੀਕਾਮ, ਬੈਡਮਿੰਟਨ ਦੀ ਪਹਿਲੀ ਭਾਰਤੀ ਵਿਸ਼ਵ ਚੈਂਪੀਅਨ ਪੀ. ਵੀ. ਸਿੰਧੂ, ਏਸ਼ੀਆਈ ਤੇ ਰਾਸ਼ਟਰਮੰਡਲ ਖੇਡਾਂ ਦੀ ਸੋਨ ਤਮਗਾ ਜੇਤੂ ਪਹਿਲਵਾਨ ਵਿਨੇਸ਼ ਫੋਗਟ, ਸਟਾਰ ਫਰਾਟਾ ਦੌੜਾਕ ਦੂਤੀ ਚੰਦ ਤੇ ਪੈਰਾ-ਬੈਡਮਿੰਟਨ ਚੈਂਪੀਅਨ ਮਾਨਸੀ ਜੋਸ਼ੀ ਨੂੰ ਬੀ. ਬੀ. ਸੀ. ਨੇ ਸਾਲ ਦੀ ਸਰਵਸ੍ਰੇਸ਼ਠ ਮਹਿਲਾ ਖਿਡਾਰੀ ਦੇ ਐਵਾਰਡ ਲਈ ਨਾਮਜ਼ਦ ਕੀਤਾ ਹੈ।  ਬੀ. ਬੀ. ਸੀ. ਨਿਊਜ਼ ਵਿਚ ਭਾਰਤੀ ਭਾਸ਼ਾਵਾਂ ਦੀ ਪ੍ਰਮੁੱਖ ਰੂਪਾ ਝਾਅ ਤੇ ਬਿਜ਼ਨੈੱਸ ਡਿਵੈੱਲਪਮੈਂਟ ਏਸ਼ੀਆ ਪੈਸੇਫਿਕ ਇੰਦੂਸ਼ੇਖਰ ਸਿਨ੍ਹਾ ਨੇ ਸੋਮਵਾਰ ਇਥੇ ਇਕ ਪੱਤਰਕਾਰ ਸੰਮੇਲਨ ਵਿਚ ਇਹ ਐਲਾਨ ਕੀਤਾ। ਬੀ. ਬੀ. ਸੀ. ਇੰਡੀਅਨ ਸਪੋਰਟਸ ਵੂਮੈਨ ਆਫ ਦਿ ਯੀਅਰ ਐਵਾਰਡ ਪਹਿਲੀ ਵਾਰ ਸ਼ੁਰੂ ਕੀਤਾ ਗਿਆ ਹੈ ਤੇ ਜੇਤੂ ਖਿਡਾਰਨ ਨੂੰ 8 ਮਾਰਚ ਇਕ ਸ਼ਾਨਦਾਰ ਸਮਾਰੋਹ ਵਿਚ ਇਹ ਐਵਾਰਡ ਦਿੱਤਾ ਜਾਵੇਗਾ। ਪੱਤਰਕਾਰ ਸੰਮੇਲਨ ਵਿਚ ਨੌਜਵਾਨ ਮਹਿਲਾ ਪਹਿਲਵਾਨ ਸੋਨਮ ਮਲਿਕ ਮੌਜੂਦ ਸੀ, ਜਿਸ ਨੇ ਹਾਲ ਹੀ ਵਿਚ ਓਲੰਪਿਕ ਕਾਂਸੀ ਤਮਗਾ ਜੇਤੂ ਪਹਿਲਵਾਨ ਸਾਕਸ਼ੀ ਮਲਿਕ ਨੂੰ ਹਰਾਇਆ ਸੀ। ਝਾਅ ਨੇ ਦੱਸਿਆ ਕਿ ਇਨ੍ਹਾਂ 5 ਨਾਮਜ਼ਦ ਖਿਡਾਰਨਾਂ ਦੇ ਨਾਵਾਂ ਦੀ ਚੋਣ ਖੇਡ ਪੱਤਰਕਾਰਾਂ, ਮਾਹਿਰਾਂ ਤੇ ਖੇਡ ਲੇਖਕਾਂ ਦੀ 40 ਮੈਂਬਰੀ ਜਿਊਰੀ ਨੇ ਆਪਣੀ ਵੋਟਿੰਗ ਨਾਲ ਕੀਤੀ ਹੈ।

 

Gurdeep Singh

This news is Content Editor Gurdeep Singh