ਕੋਚ ਗ੍ਰਾਹਮ ਰੀਡ ਦੇ ਟੀਮ ਵਿਚ ਆਉਣ ਨਾਲ ਅਸੀਂ ਤਮਗ਼ਾ ਜਿੱਤਣ ਵਿਚ ਕਾਮਯਾਬ ਰਹੇ : ਮਨਪ੍ਰੀਤ

08/11/2021 10:42:59 AM

ਸਪੋਰਟਸ ਡੈਸਕ- ਟੋਕੀਓ ਓਲੰਪਿਕ ਵਿਚ ਭਾਰਤੀ ਪੁਰਸ਼ ਹਾਕੀ ਕਪਤਾਨ ਮਨਪ੍ਰੀਤ ਸਿੰਘ ਨੇ ਟੀਮ ਨੂੰ ਕਾਂਸੇ ਦਾ ਤਮਗ਼ਾ ਦਿਵਾਇਆ। ਮਨਪ੍ਰੀਤ ਨੇ ਇਸ ਲਈ ਕੋਚ ਗ੍ਰਾਹਮ ਰੀਡ ਦਾ ਧੰਨਵਾਦ ਕੀਤਾ। ਮਨਪ੍ਰੀਤ ਨੇ ਕਿਹਾ ਕਿ ਉਨ੍ਹਾਂ ਦੇ ਆਉਣ ਨਾਲ ਟੀਮ ਵਿਚ ਚੰਗੀ ਤਬਦੀਲੀ ਆਈ ਹੈ। ਜਿਸ ਨਾਲ ਅਸੀਂ ਤਮਗ਼ਾ ਜਿੱਤਣ ਵਿਚ ਕਾਮਯਾਬ ਰਹੇ। ਉਨ੍ਹਾਂ ਕਿਹਾ ਕਿ ਤਮਗ਼ਾ ਜਿੱਤ ਕੇ ਬਹੁਤ ਖ਼ੁਸ਼ੀ ਹੋ ਰਹੀ ਹੈ। ਪਿਛਲਾ ਤਮਗ਼ਾ (1980 ਮਾਸਕੋ ਓਲੰਪਿਕ ਗੋਲਡ ਮੈਡਲ) 41 ਸਾਲ ਪਹਿਲਾਂ ਆਇਆ ਸੀ ਤੇ ਤਦ ਮੈਂ ਜਨਮ ਵੀ ਨਹੀਂ ਲਿਆ ਸੀ ਇਸ ਲਈ ਉਸ ਸਮੇਂ ਖ਼ੁਸ਼ੀ ਦੇ ਪਲ਼ ਬਾਰੇ ਮੈਂ ਨਹੀਂ ਜਾਣਦਾ ਪਰ ਹਾਂ ਅੱਜ ਮੈਡਲ ਹਾਸਲ ਕਰ ਕੇ ਸਾਰੇ ਬਹੁਤ ਖ਼ੁਸ਼ ਹਨ। 

ਇਹ ਮੇਰਾ ਤੀਜਾ ਓਲੰਪਿਕ ਸੀ, ਲੰਡਨ 2012 ਇਕ ਤਰ੍ਹਾਂ ਕਾਫੀ ਖ਼ਰਾਬ ਰਿਹਾ ਕਿਉਂਕਿ ਅਸੀਂ ਸਭ ਤੋਂ ਹੇਠਲਾ ਸਥਾਨ ਹਾਸਲ ਕੀਤਾ। ਉਸ ਸਮੇਂ ਤੋਂ ਨਿਕਲ ਕੇ 2016 ਰੀਓ ਓਲੰਪਿਕ ਵਿਚ ਕੁਆਰਟਰ ਫਾਈਨਲ ਹਾਰੇ। ਜਿਸ ਤੋਂ ਬਾਅਦ ਤੀਜੇ ਓਲੰਪਿਕ ਵਿਚ ਮੈਡਲ ਹਾਸਲ ਕਰਨ ਨਾਲ ਬਹੁਤ ਚੰਗਾ ਮਹਿਸੂਸ ਹੋ ਰਿਹਾ ਹੈ। ਆਸਟ੍ਰੇਲੀਆ ਹੱਥੋਂ ਹਾਰ ਤੋਂ ਬਾਅਦ ਟੀਮ ਨੂੰ ਸੰਭਾਲਣ ਸਬੰਧੀ ਉਨ੍ਹਾਂ ਨੇ ਕਿਹਾ ਕਿ ਜਦ ਅਸੀਂ ਬੁਰੀ ਤਰ੍ਹਾਂ ਹਾਰੇ ਸੀ ਤਾਂ ਉਸ ਸਮੇਂ ਪੂਰੀ ਟੀਮ ਨਿਰਾਸ਼ ਸੀ ਪਰ ਚੰਗੀ ਗੱਲ ਇਹ ਸੀ ਕਿ ਉਹ ਨਾਕਆਊਟ ਮੈਚ ਨਹੀਂ ਸੀ। ਅਸੀਂ ਆਪਣੇ ਖਿਡਾਰੀਆਂ ਨੂੰ ਸਮਝਾਇਆ ਕਿ ਜੇ ਹੁਣ ਵੀ ਅਸੀਂ ਆਪਣੇ ਅਗਲੇ ਤਿੰਨ ਮੈਚਾਂ ਨੂੰ ਜਿੱਤ ਲੈਂਦੇ ਹਾਂ ਤਾਂ ਗਰੁੱਪ ਵਿਚ ਦੂਜੇ ਸਥਾਨ 'ਤੇ ਰਹਾਂਗੇ। ਅਸੀਂ ਆਸਟ੍ਰੇਲੀਆ ਵਾਲੇ ਮੈਚ ਦਾ ਵਿਸ਼ਲੇਸ਼ਣ ਕੀਤਾ ਤਾਂ ਪਤਾ ਲੱਗਾ ਕਿ ਇੰਨਾ ਵੀ ਬੁਰਾ ਨਹੀਂ ਖੇਡੇ ਸੀ। ਉਹ ਦਿਨ ਆਸਟ੍ਰੇਲੀਆ ਦਾ ਸੀ ਤੇ ਉਹ ਗੋਲ ਕਰਦੇ ਜਾ ਰਹੇ ਸੀ। ਸਾਡੀ ਇਹੀ ਮਾਨਸਿਕਤਾ ਸੀ ਕਿ ਅਸੀਂ ਅਜੇ ਤਕ ਆਪਣੀ ਸਰਬੋਤਮ ਹਾਕੀ ਨਹੀਂ ਖੇਡੀ ਹੈ।

Tarsem Singh

This news is Content Editor Tarsem Singh