ਪਿੰਕਾਥਨ ''ਚ ਦੌੜੇਗੀ 101 ਸਾਲ ਦੀ ਮਾਨ ਕੌਰ

07/18/2017 5:55:24 PM

ਨਵੀਂ ਦਿੱਲੀ— 100 ਮੀਟਰ, 200 ਮੀਟਰ, ਜੈਵਲਿਨ ਥ੍ਰੋਅ ਅਤੇ ਸ਼ਾਟ ਪੁਟ ਵਿਚ ਵਿਸ਼ਵ ਰਿਕਾਰਡ ਆਪਣੇ ਨਾਂ ਰੱਖਣ ਵਾਲੀ ਪੰਜਾਬ ਦੇ ਪਟਿਆਲਾ ਦੀ 101 ਸਾਲਾ ਮਾਨ ਕੌਰ ਇਸ ਸਾਲ 17 ਸਤੰਬਰ ਨੂੰ ਜਵਾਹਰਲਾਲ ਨਹਿਰੂ ਸਟੇਡੀਅਮ ਵਿਚ ਹੋਣ ਵਾਲੀ ਮਹਿਲਾਵਾਂ ਦੀ ਪੰਜਵੀਂ ਪਿੰਕਾਥਨ ਦੌੜ 'ਚ ਆਕਰਸ਼ਣ ਦਾ ਸਭ ਤੋਂ ਵੱਡਾ ਕੇਂਦਰ ਰਹੇਗੀ। ਪਿੰਕਾਥਨ ਦੇ ਪੰਜਵੇਂ ਸੀਜ਼ਨ ਦੀ ਦੌੜ ਅਤੇ ਇਸ ਦੇ ਸੰਸਥਾਪਕ ਮਿਲਿੰਦ ਸੋਮਨ ਨੇ ਮੰਗਲਵਾਰ ਨੂੰ ਇੱਥੇ ਇਕ ਪੱਤਰਕਾਰ ਸੰਮੇਲਨ ਵਿਚ ਇਹ ਐਲਾਨ ਕੀਤਾ। 101 ਸਾਲਾ ਮਾਨ ਕੌਰ ਅਤੇ 79 ਸਾਲਾ ਉਸ ਦਾ ਪੁੱਤਰ ਗੁਰਦੇਵ ਸਿੰਘ ਪ੍ਰੈਸ ਕਾਨਫਰੰਸ ਵਿਚ ਮੌਜੂਦ ਸਨ।  ਮਾਨ ਨੇ 2010 ਵਿਚ 93 ਸਾਲ ਦੀ ਉਮਰ ਵਿਚ ਦੌੜਨਾ ਸ਼ੁਰੂ ਕੀਤਾ ਸੀ ਅਤੇ ਪਿਛਲੇ ਅੱਠ ਸਾਲਾਂ ਵਿਚ ਉਹ ਅਮਰੀਕਾ, ਕੈਨੇਡਾ ਅਤੇ ਨਿਊਜ਼ੀਲੈਂਡ 'ਚ 100 ਅਤੇ 200 ਮੀਟਰ ਅਤੇ ਜੈਵਲਿਨ ਅਤੇ ਸ਼ਾਟ ਪੁਟ 'ਚ 95 ਸਾਲ ਤੋਂ ਵੱਧ ਦੇ ਉਮਰ ਦੇ ਮਾਸਟਰਸ ਇਵੈਂਟ ਵਿਚ ਵਿਸ਼ਵ ਰਿਕਾਰਡ ਬਣਾ ਚੁੱਕੀ ਹੈ।

ਮਾਨ ਕੌਰ ਨੇ ਪੰਜਾਬੀ ਵਿਚ ਜਦੋਂ ਆਪਣੀ ਗੱਲ ਰੱਖੀ ਤਾਂ ਪੂਰਾ ਹਾਲ ਤਾੜੀਆਂ ਦੀ ਗੜਗੜਾਹਟ ਨਾਲ ਗੂੰਜ ਉਠਿਆ। ਇਸ ਉਮਰ ਵਿਚ ਵੀ ਉਨ੍ਹਾਂ ਦੀ ਆਵਾਜ਼ ਵਿਚ ਉਹੀ ਪੁਰਾਣਾ ਜੋਸ਼ ਸੀ ਅਤੇ ਉਨ੍ਹਾਂ ਦੀ ਤੇਜ਼ੀ ਨੌਜਵਾਨਾਂ ਨੂੰ ਵੀ ਹਰਾਉਣ ਵਾਲੀ ਸੀ। ਉਨ੍ਹਾਂ ਕਿਹਾ ਕਿ ਜਦੋਂ ਮੈਂ ਦੌੜਦੀ ਹਾਂ ਤਾਂ ਪੂਰਾ ਮਾਹੌਲ ਅਤੇ ਲੋਕ ਮੇਰੇ ਸਾਥੀ ਹੋ ਜਾਂਦੇ ਹਨ ਜਿਸ ਨਾਲ ਮੈਨੂੰ ਇਕ ਨਵਾਂ ਉਤਸ਼ਾਹ ਮਿਲਦਾ ਹੈ। ਦੌੜਨ ਦੇ ਸਮੇਂ ਮੈਨੂੰ ਕਦੀ ਵੀ ਗੋਡਿਆਂ ਵਿਚ ਦਰਦ ਮਹਿਸੂਸ ਨਹੀਂ ਹੁੰਦਾ। ਪਟਿਆਲਾ ਦੀ ਮਾਨ ਕੌਰ ਦੇ ਨਾਂ 100 ਮੀਟਰ 'ਚ ਇਕ ਮਿੰਟ 14 ਸਕਿੰਟ ਦਾ ਵਿਸ਼ਵ ਰਿਕਾਰਡ ਹੈ ਜੋ ਉਨ੍ਹਾਂ ਨੇ ਅਮਰੀਕਾ ਵਿਚ ਬਣਾਇਆ ਸੀ। ਉਹ ਪਹਿਲੀ ਵਾਰ 2011 ਵਿਚ ਅਮਰੀਕਾ 'ਚ ਦੌੜੀ ਸੀ ਅਤੇ ਉਦੋਂ ਉਨ੍ਹਾਂ ਨੇ ਦੋ ਤਮਗੇ ਜਿੱਤੇ ਸਨ। ਇਸ ਤੋਂ ਬਾਅਦ ਉਨ੍ਹਾਂ ਕੈਨੇਡਾ ਵਿਚ 4 ਤਮਗੇ ਜਿੱਤੇ, ਫਿਰ ਅਮਰੀਕਾ ਜਾ ਕੇ ਵੀ ਪੰਜ ਤਮਗੇ ਲੈ ਆਈ।