ਵਿਲੀਅਮਸ ਦੀ ਸਿਫਾਰਿਸ਼ ਕਰਨਾ ਮਾਂਜਰੇਕਰ ਨੂੰ ਪਿਆ ਮਹਿੰਗਾ, ਪੀਟਰਸਨ ਤੋਂ ਬਾਅਦ ਲੋਕਾਂ ਨੇ ਕੀਤਾ ਟ੍ਰੋਲ

12/16/2019 12:46:28 PM

ਨਵੀਂ ਦਿੱਲੀ : ਕੇਸਰਿਕ ਵਿਲੀਅਮਸ ਵੈਸਟਇੰਡੀਜ਼ ਦੀ ਟੀ-20 ਟੀਮ ਵਿਚ ਬਹੁਤ ਜ਼ਿਆਦਾ ਪ੍ਰਸਿੱਧ ਨਹੀਂ ਸੀ। ਇਸ ਗੇਂਦਬਾਜ਼ ਨੇ ਭਾਰਤ ਵੈਸਟਇੰਡੀਜ਼ ਟੀ-20 ਸੀਰੀਜ਼ ਵਿਚ ਖੈਰੀ ਪਿਯਰੇ, ਸ਼ੇਲਡਨ ਕੋਟਰੇਲ ਅਤੇ ਦੀਪਕ ਚਾਹਰ ਨਾ ਸਾਂਝੇ ਤੌਰ 'ਤੇ ਸਭ ਤੋਂ ਵੱਧ ਵਿਕਟਾਂ ਲਈਆਂ ਪਰ ਇਹ ਗੇਦਬਾਜ਼ ਆਪਣੀ ਗੇਂਦਬਾਜ਼ੀ ਨੂੰ ਲੈ ਕੇ ਨਹੀਂ ਸਗੋਂ ਵਿਰਾਟ ਕੋਹਲੀ ਨਾਲ ਵਿਵਾਦ ਕਾਰਨ ਸੁਰਖੀਆਂ 'ਚ ਰਿਹਾ। ਹਾਲੀਆ ਕੁਮੈਂਟੇਟਰ ਅਤੇ ਸਾਬਕਾ ਭਾਰਤੀ ਕ੍ਰਿਕਟਰ ਸੰਜੇ ਮਾਂਜਰੇਕਰ ਕੇਸਰਿਕ ਵਿਲੀਅਮਸ ਤੋਂ ਕਾਫੀ ਖੁਸ਼ ਦਿਸੇ। ਦੱਸ ਦਈਏ ਕਿ ਆਈ. ਪੀ. ਐੱਲ. 2020 ਦੀ ਨਿਲਾਮੀ 19 ਦਸੰਬਰ ਨੂੰ ਕੋਲਕਾਤਾ ਵਿਚ ਹੋਵੇਗੀ। ਇਸ ਲਈ ਹਰ ਕੋਈ ਉਤਸ਼ਾਹਿਤ ਦਿਸ ਰਿਹਾ ਹੈ। ਹੁਣ ਤਕ ਸਾਰੇ ਫ੍ਰੈਂਚਾਈਜ਼ੀਆਂ ਨੇ ਨੀਲਾਮੀ ਲਈ ਆਪਣੀ ਰਣਨੀਤੀ ਵੀ ਤਿਆਰ ਕਰ ਲਈ ਹੋਵੇਗੀ। ਇਸੇ ਕ੍ਰਮ ਵਿਚ ਸੰਜੇ ਮਾਂਜਰੇਕਰ ਨੇ ਕੇਸਰਿਕ ਵਿਲੀਅਮਸ ਨੂੰ ਖਰੀਦਣ ਦੀ ਸਿਫਾਰਿਸ਼ ਕਰਦਿਆਂ ਇਕ ਪੋਸਟ ਸ਼ੇਅਰ ਕੀਤੀ ਹੈ, ਜੋ ਪ੍ਰਸ਼ੰਸਕਾਂ ਨੂੰ ਕੁਝ ਖਾਸ ਪਸੰਦ ਨਹੀਂ ਆਈ, ਜਿਸ ਕਾਰਨ ਉਸ ਨੂੰ ਟ੍ਰੋਲਿੰਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸਾਬਕਾ ਕ੍ਰਿਕਟਰ ਅਤੇ ਕੁਮੈਂਟੇਟਰ ਸੰਜੇ ਮਾਂਜਰੇਕਰ ਸੋਸ਼ਲ ਮੀਡੀਆ 'ਤੇ ਐਕਟਿਵ ਰਹਿਣ ਵਾਲੇ ਕ੍ਰਿਕਟਰਾਂ ਵਿਚੋਂ ਇਕ ਹਨ ਤਾਂ ਆਈ. ਪੀ. ਐੱਲ. ਨੀਲਾਮੀ ਨੂੰ ਲੈ ਕੇ ਭਲਾ ਉਹ ਕੁਝ ਕਿਵੇਂ ਨਾ ਕਹਿੰਦੇ। ਉਸ ਨੇ ਫ੍ਰੈਂਚਾਈਜ਼ੀਆਂ ਤੋਂ ਵੈਸਟਇੰਡੀਜ਼ ਦੇ ਤੇਜ਼ ਗੇਂਦਬਾਜ਼ ਕੇਸਰਿਕ ਵਿਲੀਅਮਸ ਨੂੰ ਖਰੀਦਣ ਦੀ ਸਿਫਾਰਿਸ਼ ਕਰਦਿਆਂ ਲਿਖਿਆ, ''ਕੇਸਰਿਕ ਵਿਲੀਅਮਸ ਆਈ. ਪੀ. ਐੱਲ. ਕੰਡੀਸ਼ਨ ਲਈ ਪਰਫੈਕਟ ਗੇਂਦਬਾਜ਼ ਹਨ ਤਾਂ ਤੁਹਾਨੂੰ ਉਸ ਨੂੰ ਖਰੀਦਣਾ ਚਾਹੀਦਾ ਹੈ।'' ਮਾਂਜਰੇਕਰ ਦੀ ਇਹ ਰਾਏ ਕ੍ਰਿਕਟ ਪ੍ਰਸ਼ੰਸਕਾਂ ਨੂੰ ਕੁਝ ਖਾਸ ਪਸੰਦ ਨਹੀਂ ਆਈ ਅਤੇ ਫਿਰ ਲੋਕਾਂ ਨੇ ਉਸ ਨੂੰ ਲੰਮੇ ਹੱਥੀ ਲੈਂਦਿਆਂ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ।

ਸਾਬਕਾ ਇੰਗਲਿਸ਼ ਕ੍ਰਿਕਟਰ ਪੀਟਰਸਨ ਨੇ ਜਤਾਈ ਅਸਹਿਮਤੀ
ਸੰਜੇ ਮਾਂਜਰੇਕਰ ਦਾ ਇਹ ਟਵੀਟ ਦੇਖ ਲੋਕਾਂ ਵੱਲੋਂ ਟ੍ਰੋਲ ਕਰਨ ਤੋਂ ਬਾਅਦ ਸਾਬਕਾ ਇੰਗਲਿਸ਼ ਕ੍ਰਿਕਟਰ ਕੇਵਿਨ ਪੀਟਰਸਨ ਵੀ ਪਿੱਛੇ ਨਹੀਂ ਰਹੇ। ਪੀਟਰਸਨ ਨੇ ਟਵੀਟ 'ਤੇ ਰਿਪਲਾਈ ਕਰਦਿਆਂ ਲਿਖਿਆ, ''ਪੂਰੀ ਤਰ੍ਹਾਂ ਅਸਹਿਮਤ। ਉਹ (ਕੇਸਰਿਕ ਵਿਲੀਅਮਸ) ਬਹੁਤ ਚੰਗਾ ਨਹੀਂ ਹੈ। ਉਸ ਦੇ ਕੋਲ ਜਸ਼ਨ ਮਨਾਉਣ ਤੋਂ ਇਲਾਵੀ ਹੋਰ ਕੁਝ ਨਹੀਂ ਹੈ।''

ਦੱਸ ਦਈਏ ਕਿ ਟੀ-20 ਸੀਰੀਜ਼ ਵਿਚ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਅਤੇ ਕੇਸਰਿਕ ਵਿਲੀਅਮਸ ਵਿਚਾਲੇ ਕੁਝ ਤਲਖੀ ਦੇਖਣ ਨੂੰ ਵੀ ਮਿਲੀ। ਦਰਅਸਲ ਇਹ ਮਾਮਲਾ ਸਾਲ 2017 ਦੇ ਇਕ ਮੈਚ ਦਾ ਹੈ ਜਦੋਂ ਕੇਸਰਿਕ ਵਿਲੀਅਮਸ ਨੇ ਕੋਹਲੀ ਨੂੰ ਆਊਟ ਕਰਨ ਤੋਂ ਬਾਅਦ ਰਸੀਦ ਕੱਟਣ ਦਾ ਐਕਸ਼ਨ ਕਰ ਕੇ ਬਾਹਰ ਜਾਣ ਲਈ ਕਿਹਾ ਸੀ। ਜਦੋਂ ਹਾਲੀਆ ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਹੋਈ ਟੀ-20 ਸੀਰੀਜ਼ ਵਿਚ ਕੇਸਰਿਕ ਅਤੇ ਕੋਹਲੀ ਆਹਮੋ ਸਾਮਹਣੇ ਦੋਬਾਰਾ ਹੋਏ ਤਾਂ ਕੋਹਲੀ ਨੇ ਕੇਸਰਿਕ ਨੂੰ ਰੱਜ ਕੇ ਲੰਮੇ ਹੱਥੀ ਲਿਆ। ਕੋਹਲੀ ਨੇ ਆਪਣੀ ਬੱਲੇਬਾਜ਼ੀ ਦੌਰਾਨ ਕੇਸਰਿਕ ਨੂੰ ਮੈਦਾਨ ਦੇ ਚਾਰੇ ਪਾਸੇ ਸ਼ਾਟ ਲਾਏ। ਇਸ ਦੌਰਾਨ ਕੋਹਲੀ ਨੇ ਕੇਸਰਿਕ ਨੂੰ ਉਸ ਦੇ ਅੰਦਾਜ਼ ਵਿਚ ਰਸੀਦ ਕੱਟ ਕੇ ਆਪਣਾ ਪੁਰਾਣਾ ਬਦਲਾ ਲਿਆ ਸੀ। ਇਸੇ ਕਾਰਨ ਲੋਕਾਂ ਨੂੰ ਸੰਜੇ ਮਾਂਜਰੇਕਰ ਦਾ ਇਹ ਟਵੀਟ ਪਸੰਦ ਨਹੀਂ ਆਇਆ।

ਕੁਝ ਇਸ ਤਰ੍ਹਾਂ ਹੋ ਰਿਹੈ ਮਾਂਜਰੇਕਰ ਟ੍ਰੋਲ