ਮਨੀਸ਼ ਤੇ ਅਨੁਪਮ ਬਣੇ ਰਾਸ਼ਟਰੀ ਅੰਡਰ-9 ਸ਼ਤਰੰਜ ਚੈਂਪੀਅਨ

11/12/2017 2:53:21 AM

ਗੁਰੂਗ੍ਰਾਮ— ਅਖਿਲ ਭਾਰਤੀ ਸ਼ਤਰੰਜ ਸੰਘ ਤੇ ਹਰਿਆਣਾ ਸ਼ਤਰੰਜ ਸੰਘ ਦੀ ਅਗਵਾਈ ਵਿਚ ਸ਼੍ਰੀਧਾਮ ਗਲੋਬਲ ਸਕੂਲ ਵਿਚ ਖਤਮ ਹੋਈ ਰਾਸ਼ਟਰੀ ਅੰਡਰ-9 ਸ਼ਤਰੰਜ ਚੈਂਪੀਅਨਸ਼ਿਪ ਦਾ ਖਿਤਾਬ ਬਾਲਕ ਵਰਗ ਵਿਚ ਮਹਾਰਾਸ਼ਟਰ ਦੇ ਕਦਮ ਓਮ ਮਨੀਸ਼ ਨੇ ਜਦਕਿ ਬਾਲਿਕਾ ਵਰਗ ਦਾ ਖਿਤਾਬ ਕੇਰਲ ਦੀ ਅਨੁਪਮ ਐੱਮ. ਸ਼੍ਰੀਕੁਮਾਰ ਨੇ ਆਪਣੇ ਨਾਂ ਕੀਤਾ। 
ਬਾਲਕ ਵਰਗ ਵਿਚ ਮਨੀਸ਼ ਪੂਰੀ ਚੈਂਪੀਅਨਸ਼ਿਪ ਦੌਰਾਨ ਅਜੇਤੂ ਰਿਹਾ ਤੇ ਉਸ ਨੇ 9.5 ਅੰਕ ਬਣਾ ਕੇ ਪਹਿਲਾ ਸਥਾਨ ਹਾਸਲ ਕੀਤਾ। ਕੇਰਲ ਦਾ ਜੇਨ ਵੇਨੀ ਵੀ 9.5 ਅੰਕਾਂ 'ਤੇ ਸੀ ਪਰ ਮਨੀਸ਼ ਤੋਂ ਨਿੱਜੀ ਮੈਚ ਵਿਚ ਹਾਰ ਜਾਣ ਦੀ ਵਜ੍ਹਾ ਨਾਲ ਉਹ ਟਾਈਬ੍ਰੇਕ ਵਿਚ ਦੂਜੇ ਸਥਾਨ 'ਤੇ ਰਿਹਾ। ਤੇਲੰਗਾਨਾ ਦਾ ਵਿਸ਼ਾਕ ਸੇਨ ਤੇ ਆਦੀ ਰੈਡੀ ਅਰਜੁਨ 9 ਅੰਕਾਂ ਨਾਲ ਕ੍ਰਮਵਾਰ ਤੀਜੇ ਤੇ ਚੌਥੇ ਸਥਾਨ 'ਤੇ ਰਹੇ ਜਦਕਿ ਰਾਜਸਥਾਨ ਦਾ ਯਸ਼ ਬਰਡੀਆ 8.5 ਅੰਕਾਂ ਨਾਲ 5ਵੇਂ ਸਥਾਨ 'ਤੇ ਰਿਹਾ।
ਬਾਲਿਕਾ ਵਰਗ ਦੀ ਗੱਲ ਕਰੀਏ ਤਾਂ ਇਥੇ ਬਹੁਤ ਹੀ ਰੋਮਾਂਚਕ ਸਥਿਤੀ ਰਹੀ। ਜਦੋਂ 9 ਅੰਕਾਂ 'ਤੇ 3 ਖਿਡਾਰੀ ਪਹੁੰਚੇ ਤਦ ਟਾਈਬ੍ਰੇਕ ਦੇ ਆਧਾਰ 'ਤੇ ਕੇਰਲ ਦੀ ਅਨੁਪਮ ਪਹਿਲੇ, ਕਰਨਾਟਕ ਦੀ ਏ. ਐੱਨ. ਸ਼ੈਫਾਲੀ ਦੂਜੇ ਤੇ ਬੰਗਾਲ ਦੀ ਰਾਜਨਯਾ ਦੱਤਾ ਤੀਜੇ ਸਥਾਨ 'ਤੇ ਰਹੀ। 8.5 ਅੰਕਾਂ ਨਾਲ ਚੌਥਾ ਸਥਾਨ ਰਾਜਸਥਾਨ ਦੀ ਆਸ਼ੀ ਉਪਾਧਿਆਏ ਨੇ ਹਾਸਲ ਕੀਤਾ ਜਦਕਿ 5ਵਾਂ ਸਥਾਨ ਰੈਨਾ ਨੇਤਾ ਬੀ ਨੇ ਪ੍ਰਾਪਤ ਕੀਤਾ। ਪਹਿਲੇ 3 ਚੋਣਵੇਂ ਖਿਡਾਰੀ ਅਗਲੇ ਸਾਲ ਸਪੇਨ ਦੇ ਸੇਂਟਿਆਗੋ ਵਿਚ ਭਾਰਤ ਦੀ ਅਗਵਾਈ ਵਿਸ਼ਵ ਚੈਂਪੀਅਨਸ਼ਿਪ ਵਿਚ ਕਰਨਗੇ।