ਮਨਿਕਾ ਬਤਰਾ ਦਾ ਨਿਰਾਸ਼ਾਜਨਕ ਪ੍ਰਦਰਸ਼ਨ, ਜਰਮਨੀ ਤੋਂ ਹਾਰੀ ਭਾਰਤੀ ਮਹਿਲਾ ਟੀਮ

10/02/2022 3:25:35 PM

ਚੇਂਗਦੂ : ਸ਼੍ਰੀਜਾ ਅਕੁਲਾ ਤੇ ਦੀਯਾ ਚਿਤਲੇ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਪਰ ਸਟਾਰ ਟੇਬਲ ਟੈਨਿਸ ਖਿਡਾਰੀ ਮਨਿਕਾ ਬਤਰਾ ਆਪਣੇ ਦੋਵੇਂ ਮੈਚ ਹਾਰ ਗਈ ਜਿਸ ਨਾਲ ਭਾਰਤੀ ਮਹਿਲਾ ਟੀਮ ਨੂੰ ਸ਼ਨੀਵਾਰ ਨੂੰ ਇੱਥੇ ਆਈਟੀਟੀਐੱਫ ਵਿਸ਼ਵ ਟੀਮ ਚੈਂਪੀਅਨਸ਼ਿਪ ਦੇ ਪਹਿਲੇ ਮੈਚ 'ਚ ਜਰਮਨੀ ਹੱਥੋਂ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। 

ਭਾਰਤੀ ਮਰਦ ਟੀਮ ਨੇ ਚੰਗਾ ਪ੍ਰਦਰਸ਼ਨ ਕੀਤਾ ਤੇ ਗਰੁੱਪ ਦੋ ਦੇ ਸ਼ੁਰੂਆਤੀ ਮੈਚ ਵਿਚ ਉਜ਼ਬੇਕਿਸਤਾਨ ਨੂੰ 3-0 ਨਾਲ ਹਰਾਇਆ। ਰਾਸ਼ਟਰਮੰਡਲ ਖੇਡਾਂ ਦੀ ਤਮਗ਼ਾ ਜੇਤੂ ਤੇ ਵਿਸ਼ਵ ਵਿਚ 44ਵੇਂ ਨੰਬਰ ਦੀ ਬਤਰਾ ਦੁਨੀਆ ਦੀ ਅੱਠਵੇਂ ਨੰਬਰ ਦੀ ਯਿੰਗ ਹਾਨ ਦੇ ਸਾਹਮਣੇ ਟਿਕ ਨਹੀਂ ਸਕੀ। 

ਇਹ ਵੀ ਪੜ੍ਹੋ : ਇੰਡੋਨੇਸ਼ੀਆ 'ਚ ਫੁੱਟਬਾਲ ਮੈਚ ਦੌਰਾਨ ਮਚੀ ਭੱਜਦੌੜ, ਹੁਣ ਤੱਕ 174 ਮੌਤਾਂ (ਤਸਵੀਰਾਂ)

ਜਰਮਨ ਖਿਡਾਰਨ ਨੇ ਭਾਰਤੀ ਖਿਡਾਰਨ ਨੂੰ 3-0 (11-3, 11-1, 11-2) ਨਾਲ ਹਰਾ ਕੇ ਆਪਣੀ ਟੀਮ ਨੂੰ 1-0 ਦੀ ਬੜ੍ਹਤ ਦਿਵਾਈ। ਵਿਸ਼ਵ ਦੀ 77ਵੇਂ ਨੰਬਰ ਦੀ ਸ਼੍ਰੀਜਾ ਨੇ ਇਸ ਤੋਂ ਬਾਅਦ ਆਪਣੇ ਤੋਂ ਵੱਧ ਰੈਂਕਿੰਗ ਦੀ ਨੀਨਾ ਮਿੱਤਲਹਮ ਨੂੰ 3-0 (11-9, 12-10, 11-7 ਨਾਲ ਹਰਾ ਕੇ ਭਾਰਤ ਨੂੰ ਵਾਪਸੀ ਦਿਵਾਈ। ਇਸ ਤੋਂ ਬਾਅਦ ਵਿਸ਼ਵ ਵਿਚ 122ਵੇਂ ਸਥਾਨ ਦੀ ਦੀਆ ਨੇ ਸਬਾਇਨ ਵਿੰਟਰ 'ਤੇ ਸਖ਼ਤ ਮੈਚ ਵਿਚ 3-1 (11-9, 8-11, 11-6, 13-11) ਨਾਲ ਜਿੱਤ ਦਰਜ ਕਰ ਕੇ ਭਾਰਤ ਨੂੰ ਬੜ੍ਹਤ ਦਿਵਾ ਦਿੱਤੀ। 

ਏਸ਼ੀਆਈ ਖੇਡਾਂ ਦੀ ਤਮਗ਼ਾ ਜੇਤੂ ਬਤਰਾ ਨੇ ਆਪਣੇ ਦੂਜੇ ਮੈਚ ਵਿਚ ਦਮਦਾਰ ਸ਼ੁਰੂਆਤ ਕੀਤੀ ਪਰ ਉਹ ਪਹਿਲੀ ਗੇਮ ਜਿੱਤਣ ਤੋਂ ਬਾਅਦ ਦੁਨੀਆ ਦੀ 14ਵੇਂ ਨੰਬਰ ਦੀ ਖਿਡਾਰਨ ਮਿੱਤਲਹਮ ਹੱਥੋਂ 1-3 (11-7, 6-11, 7-11, 8-11) ਨਾਲ ਹਾਰ ਗਈ ਜਿਸ ਨਾਲ ਮੈਚ 2-2 ਨਾਲ ਬਰਾਬਰ ਹੋ ਗਿਆ। ਸ਼੍ਰੀਜਾ ਫ਼ੈਸਲਾਕੁਨ ਮੈਚ ਵਿਚ ਯਿੰਗ ਹੱਥੋਂ 0-3 (3-11, 5-11, 4-11) ਨਾਲ ਹਾਰ ਗਈ। ਭਾਰਤੀ ਮਹਿਲਾ ਟੀਮ ਗਰੁੱਪ ਪੰਜ ਵਿਚ ਤੀਜੇ ਸਥਾਨ 'ਤੇ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


Tarsem Singh

Content Editor

Related News