ਮਾਨਚੈਸਟਰ ਟੈਸਟ : ਵਿੰਡੀਜ਼ ''ਤੇ ਮੰਡਰਾ ਰਿਹਾ ਫਾਲੋਆਨ ਦਾ ਖਤਰਾ

07/26/2020 3:14:14 AM

ਮਾਨਚੈਸਟਰ– ਸਟੂਅਰਟ ਬ੍ਰਾਡ ਦੇ ਸ਼ਾਨਦਾਰ ਆਲਰਾਊਂਡ ਪ੍ਰਦਰਸ਼ਨ ਦੀ ਮਦਦ ਨਾਲ ਇੰਗਲੈਂਡ ਨੇ ਤੀਜੇ ਤੇ ਆਖਰੀ ਕ੍ਰਿਕਟ ਟੈਸਟ ਦੇ ਦੂਜੇ ਦਿਨ ਵੈਸਟਇੰਡੀਜ਼ ਨੂੰ ਫਾਲੋਆਨ ਦੀ ਰਾਹ 'ਤੇ ਧੱਕ ਦਿੱਤਾ। ਪਹਿਲੀ ਪਾਰੀ ਵਿਚ 369 ਦੌੜਾਂ ਬਣਾਉਣ ਤੋਂ ਬਾਅਦ ਇੰਗਲੈਂਡ ਨੇ ਵੈਸਟਇੰਡੀਜ਼ ਦੀਆਂ 6 ਵਿਕਟਾਂ 137 ਦੌੜਾਂ 'ਤੇ ਕੱਢ ਦਿੱਤੀਆਂ। ਖਰਾਬ ਰੌਸ਼ਨੀ ਕਾਰਣ ਦੂਜੇ ਦਿਨ ਦੀ ਖੇਡ ਜਲਦੀ ਖਤਮ ਕਰਨੀ ਪਈ ਹਾਲਾਂਕਿ ਮੌਸਮ ਵਿਭਾਗ ਦੀ ਭਵਿੱਖਬਾਣੀ ਦੇ ਬਾਵਜੂਦ ਮੀਂਹ ਨਹੀਂ ਪਿਆ। ਵੈਸਟਇੰਡੀਜ਼ ਅਜੇ ਵੀ ਇੰਗਲੈਂਡ ਦੇ ਪਹਿਲੀ ਪਾਰੀ ਦੇ ਸਕੋਰ ਤੋਂ 232 ਦੌੜਾਂ ਪਿੱਛੇ ਹੈ ਤੇ ਉਸ 'ਤੇ ਫਾਲੋਆਨ ਦਾ ਖਤਰਾ ਮੰਡਰਾ ਰਿਹਾ ਹੈ। ਦੂਜੇ ਦਿਨ ਦੀ ਖੇਡ ਖਤਮ ਹੋਣ 'ਤੇ ਜੈਸਨ ਹੋਲਡਰ 24 ਤੇ ਸ਼ੇਨ ਡਾਓਰਿਚ 10 ਦੌੜਾਂ ਬਣਾ ਕੇ ਖੇਡ ਰਹੇ ਹਨ।


ਇਸ ਤੋਂ ਪਹਿਲਾਂ ਕੱਲ ਦੇ ਸਕੋਰ 4 ਵਿਕਟਾਂ 'ਤੇ 258 ਦੌੜਾਂ ਤੋਂ ਅੱਗੇ ਖੇਡਦੇ ਹੋਏ ਇੰਗਲੈਂਡ ਨੇ ਲਗਾਤਾਰ 4 ਓਵਰਾਂ ਵਿਚ ਇਕ-ਇਕ ਵਿਕਟ ਗੁਆਈ ਤੇ ਇਕ ਸਮੇਂ ਉਸ ਦਾ ਸਕੋਰ 8 ਵਿਕਟਾਂ 'ਤੇ 280 ਦੌੜਾਂ ਹੋ ਗਿਆ। ਓਲੀ ਪੋਪ ਆਪਣੇ ਕੱਲ ਦੇ ਸਕੋਰ 91 ਦੌੜਾਂ ਵਿਚ ਕੋਈ ਵਾਧਾ ਨਹੀਂ ਕਰ ਸਕਿਆ ਤੇ ਸੈਂਕੜੇ ਤੋਂ ਵਾਂਝਾ ਰਹਿ ਗਿਆ। ਉਸ ਨੂੰ ਸ਼ੈਨੋਨ ਗੈਬ੍ਰੀਏਲ ਦੀ ਗੇਂਦ 'ਤੇ ਸਲਿਪ ਵਿਚ ਜੀਵਨਦਾਨ ਮਿਲਿਆ ਪਰ ਇਸੇ ਤੇਜ਼ ਗੇਂਦਬਾਜ਼ ਨੇ ਅਗਲੇ ਓਵਰ ਵਿਚ ਉਸ ਨੂੰ ਆਊਟ ਕੀਤਾ। ਕ੍ਰਿਸ ਵੇਕਸ (1) ਨੇ ਬਾਹਰ ਜਾਂਦੀ ਗੇਂਦ ਨਾਲ ਛੇੜਖਾਨੀ ਕੀਤੀ ਤੇ ਤੇਜ਼ ਗੇਂਦਬਾਜ਼ ਕੇਮਾਰ ਰੋਚ ਨੂੰ ਉਸਦੀ 200ਵੀਂ ਟੈਸਟ ਵਿਕਟ ਮਿਲੀ।


ਆਪਣੇ ਕੱਲ ਦੇ ਸਕੋਰ 56 ਦੌੜਾਂ ਤੋਂ ਅੱਗੇ ਖੇਡਦੇ ਹੋਏ ਜੋਸ ਬਟਲਰ 67 ਦੌੜਾਂ ਬਣਾ ਕੇ ਗੈਬ੍ਰੀਏਲ ਦੀ ਗੇਂਦ 'ਤੇ ਦੂਜੀ ਸਲਿਪ ਵਿਚ ਜੈਸਨ ਹੋਲਡਰ ਨੂੰ ਕੈਚ ਦੇ ਬੈਠਾ। ਹੋਲਡਰ ਨੇ ਰੋਚ ਦੀ ਗੇਂਦ 'ਤੇ ਜੋਫ੍ਰਾ ਆਰਚਰ (3) ਦਾ ਵੀ ਕੈਚ ਲਿਆ। ਰੋਚ ਨੇ 72 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ। ਬ੍ਰਾਡ ਨੇ ਇੰਗਲੈਂਡ ਲਈ ਇਕ ਪਾਸਾ ਸੰਭਾਲੀ ਰੱਖਿਆ। ਉਸ ਨੇ ਤੇਜ਼ੀ ਨਾਲ ਦੌੜਾਂ ਬਣਾਉਂਦੇ ਹੋਏ 33 ਗੇਂਦਾਂ ਵਿਚ ਅਰਧ ਸੈਂਕੜਾ ਪੂਰਾ ਕੀਤਾ। ਇੰਗਲੈਂਡ ਲਈ ਸਭ ਤੋਂ ਤੇਜ਼ ਟੈਸਟ ਅਰਧ ਸੈਂਕੜਾ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿਚ ਉਹ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਆ ਗਿਆ ਹੈ। ਬ੍ਰਾਡ ਦੀ 45 ਗੇਂਦਾਂ ਵਿਚ 62 ਦੌੜਾਂ ਦੀ ਪਾਰੀ ਦਾ ਅੰਤ ਡੀਪ ਵਿਚ ਸਵੀਪ ਸ਼ਾਟ ਲਾਉਣ ਦੇ ਚੱਕਰ ਵਿਚ ਹੋਇਆ। ਉਸ ਨੇ ਆਪਣੀ ਪਾਰੀ ਵਿਚ 9 ਚੌਕੇ ਤੇ 1 ਛੱਕਾ ਲਾਉਣ ਦੇ ਨਾਲ ਡੋਮ ਬੇਸ ਦੇ ਨਾਲ ਉਪਯੋਗੀ 76 ਦੌੜਾਂ ਜੋੜੀਆਂ। ਬੇਸ 18 ਦੌੜਾਂ ਬਣਾ ਕੇ ਅਜੇਤੂ ਰਿਹਾ ਜਦਕਿ ਐਂਡਰਸਨ ਆਊਟ ਹੋਣ ਵਾਲਾ ਆਖਰੀ ਬੱਲੇਬਾਜ਼ ਸੀ, ਜਿਸ ਨੇ 11 ਦੌੜਾਂ ਬਣਾਈਆਂ। ਇੰਗਲੈਂਡ ਨੇ ਪਹਿਲੇ ਸੈਸ਼ਨ ਵਿਚ 111 ਦੌੜਾਂ ਜੋੜੀਆਂ।

Gurdeep Singh

This news is Content Editor Gurdeep Singh