ਮਾਨਵਜੀਤ ਸੰਧੂ ਬਣਿਆ ਰਾਸ਼ਟਰੀ ਟ੍ਰੈਪ ਚੈਂਪੀਅਨ

11/19/2017 4:48:04 AM

ਨਵੀਂ ਦਿੱਲੀ— ਸਾਬਕਾ ਵਿਸ਼ਵ ਚੈਂਪੀਅਨ ਮਾਨਵਜੀਤ ਸਿੰਘ ਸੰਧੂ ਨੇ ਉੱਤਰ ਪ੍ਰਦੇਸ਼ ਦੇ ਅਨਵਰ ਸੁਲਤਾਨ ਦੀ ਸਖਤ ਚੁਣੌਤੀ 'ਤੇ ਸ਼ਨੀਵਾਰ 45-43 ਨਾਲ ਕਾਬੂ ਪਾਉਂਦਿਆਂ ਇਥੇ ਡਾ. ਕਰਣੀ ਸਿੰਘ ਸ਼ੂਟਿੰਗ ਰੇਂਜ 'ਚ ਚੱਲ ਰਹੀ 61ਵੀਂ ਰਾਸ਼ਟਰੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ 'ਚ ਆਪਣਾ ਪੁਰਸ਼ ਟ੍ਰੈਪ ਖਿਤਾਬ ਬਰਕਰਾਰ ਰੱਖਿਆ।
ਪੰਜਾਬ ਦੀ ਅਗਵਾਈ ਕਰ ਰਹੇ ਮਾਨਵਜੀਤ ਨੇ 125 'ਚੋਂ 117 ਦਾ ਸਕੋਰ ਕਰ ਕੇ ਦੂਜੇ ਸਥਾਨ 'ਤੇ ਰਹਿੰਦਿਆਂ ਫਾਈਨਲ ਲਈ ਕੁਆਲੀਫਾਈ ਕੀਤਾ ਸੀ। ਉਸ ਦਾ ਪਿਛਲੇ ਸਾਲ ਜੈਪੁਰ 'ਚ ਫਾਈਨਲ ਦੇ ਸਫਰ 'ਚ ਵੀ ਇਹੀ ਸਕੋਰ ਰਿਹਾ ਸੀ। ਜ਼ੋਰਾਵਰ ਸਿੰਘ ਸੰਧੂ ਨੇ ਵੀ ਇਸ ਸਕੋਰ ਦੇ ਨਾਲ ਕੁਆਲੀਫਿਕੇਸ਼ਨ 'ਚ ਚੋਟੀ ਦਾ ਸਥਾਨ ਹਾਸਲ ਕੀਤਾ ਸੀ ਪਰ ਫਾਈਨਲ 'ਚ ਉਹ 33 ਦਾ ਸਕੋਰ ਕਰ ਕੇ ਕਾਂਸੀ ਤਮਗੇ 'ਤੇ ਹੀ ਰੁਕ ਗਿਆ। 
ਸੀਨੀਅਰ ਪੁਰਸ਼ ਟੀਮ ਪ੍ਰਤੀਯੋਗਿਤਾ 'ਚ ਏਅਰ ਇੰਡੀਆ ਨੇ ਸੋਨਾ, ਹਰਿਆਣਾ ਨੇ ਚਾਂਦੀ ਤੇ ਪੰਜਾਬ ਨੇ ਕਾਂਸੀ ਤਮਗਾ ਜਿੱਤਿਆ। ਜੂਨੀਅਰ ਟੀਮ ਪ੍ਰਤੀਯੋਗਿਤਾ 'ਚ ਰਾਜਸਥਾਨ ਨੇ ਸੋਨਾ, ਹਰਿਆਣਾ ਨੇ ਚਾਂਦੀ ਤੇ ਮੱਧ ਪ੍ਰਦੇਸ਼ ਨੇ ਕਾਂਸੀ ਤਮਗਾ ਜਿੱਤਿਆ।