ਬੰਗਲਾਦੇਸ਼ ਵਿਰੁੱਧ ਪਹਿਲੇ ਮੈਚ ਤੋਂ ਬਾਅਦ ਵਨਡੇ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹੇਗਾ ਮਲਿੰਗਾ

07/22/2019 11:29:39 PM

ਕੋਲੰਬੋ— ਸ਼੍ਰੀਲੰਕਾ ਦੇ ਅਨੁਭਵੀ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਬੰਗਲਾਦੇਸ਼ ਵਿਰੁੱਧ ਤਿੰਨ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ ਤੋਂ ਬਾਅਦ ਵਨ ਡੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣਗੇ। ਸ਼੍ਰੀਲੰਕਾ ਦੇ ਕਪਤਾਨ ਦਿਮੁਥ ਕਰੁਣਾਰਤਨੇ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਮਲਿੰਗਾ ਨੂੰ ਸ਼੍ਰੀਲੰਕਾ ਦੀ 22 ਮੈਂਬਰੀ ਟੀਮ 'ਚ ਜਗ੍ਹਾ ਦਿੱਤੀ ਗਈ ਹੈ। ਇਸ ਸੀਰੀਜ਼ ਦੇ ਮੁਕਾਬਲੇ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ 'ਚ 26, 28 ਤੇ 31 ਜੁਲਾਈ ਨੂੰ ਖੇਡੇ ਜਾਣਗੇ। ਟੀਮ ਦੀ ਪ੍ਰੈਸ ਕਾਨਫਰੰਸ ਦੇ ਦੌਰਾਨ ਹਾਲਾਂਕਿ ਕਰੁਣਾਰਤਨੇ ਨੇ ਪੁਸ਼ਟੀ ਕੀਤੀ ਕਿ 36 ਸਾਲਾ ਦੇ ਸਾਬਕਾ ਕਪਤਾਨ ਮਲਿੰਗਾ ਸਿਰਫ ਪਹਿਲਾ ਮੈਚ ਹੀ ਖੇਡਣਗੇ। ਇਸ ਤੋਂ ਬਾਅਦ ਉਹ ਸੰਨਿਆਸ ਲੈਣਗੇ।
ਜ਼ਿਕਰਯੋਗ ਹੈ ਕਿ ਲਸਿਥ ਮਲਿੰਗਾ ਨੇ ਸ਼੍ਰੀਲੰਕਾਈ ਟੀਮ ਲਈ ਖੇਡਦੇ ਹੋਏ 30 ਟੈਸਟ ਮੈਚਾਂ 'ਚ 101 ਵਿਕਟਾਂ ਆਪਣੇ ਨਾਂ ਕੀਤੀਆਂ ਹਨ। ਇਸ ਦੌਰਾਨ ਉਨ੍ਹਾਂ ਨੇ 3 ਵਾਰ 5 ਵਿਕਟਾਂ ਤੇ 7 ਵਾਰ 4 ਵਿਕਟਾਂ ਆਪਣੇ ਨਾਂ ਕੀਤੀਆਂ ਹਨ। ਮਲਿੰਗਾ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ 50 ਦੌੜਾਂ 'ਤੇ 5 ਵਿਕਟਾਂ ਰਿਹਾ ਹੈ। ਉਸਨੇ ਵਨ ਡੇ 'ਚ 225 ਮੈਚ ਖੇਡੇ, ਜਿਸ 'ਚ 219 ਪਾਰੀਆਂ 'ਚ 335 ਵਿਕਟਾਂ ਆਪਣੇ ਨਾਂ ਕੀਤੀਆਂ ਹਨ। ਇਸ ਦੌਰਾਨ ਉਨ੍ਹਾਂ ਨੇ 8 ਵਾਰ 5 ਵਿਕਟਾਂ ਤੇ 11 ਵਾਰ 4 ਵਿਕਟਾਂ ਹਾਸਲ ਕਰਨ ਦਾ ਕਾਰਨਾਮਾ ਕੀਤਾ। ਵਨ ਡੇ 'ਚ ਉਸਦਾ ਸਰਵਸ੍ਰੇਸ਼ਠ ਪ੍ਰਦਰਸ਼ਨ 38 ਦੌੜਾਂ 'ਤੇ 6 ਵਿਕਟਾਂ ਹਨ। ਜੇਕਰ ਗੱਲ ਕਰੀਏ ਟੀ-20 ਪ੍ਰਦਰਸ਼ਨ ਦੀ ਤਾਂ ਮਲਿੰਗਾ ਨੇ 73 ਮੈਚ ਖੇਡਦੇ ਹੋਏ 97 ਵਿਕਟਾਂ ਹਾਸਲ ਕੀਤੀਆਂ ਹਨ। ਇਸ ਦੌਰਾਨ ਉਨ੍ਹਾਂ ਨੇ 1 ਵਾਰ 5 ਵਿਕਟਾਂ ਤੇ 1 ਵਾਰ 4 ਵਿਕਟਾਂ ਹਾਸਲ ਕੀਤੀਆਂ ਹਨ। ਟੀ-20 'ਚ 31 ਦੌੜਾਂ 'ਤੇ 5 ਵਿਕਟਾਂ ਉਸਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ।

Gurdeep Singh

This news is Content Editor Gurdeep Singh