ਮਲੇਸ਼ੀਆਈ ਨੌਜਵਾਨ ਨਾਲ ਖੇਡੇਗਾ ਆਨੰਦ

09/03/2017 2:14:41 AM

ਟਿਬਿਲਸੀ (ਜਾਰਜੀਆ)— 2 ਵਾਰ ਦਾ ਚੈਂਪੀਅਨ ਭਾਰਤੀ ਧੁਨੰਤਰ ਵਿਸ਼ਵਨਾਥਨ ਆਨੰਦ ਵਿਸ਼ਵ ਕੱਪ ਸ਼ਤਰੰਜ ਦੇ ਪਹਿਲੇ ਦੌਰ 'ਚ ਮਲੇਸ਼ੀਆ ਦੇ ਨੰਬਰ 1 ਖਿਡਾਰੀ ਯੀਹੋ ਲੀ ਤਿਆਨ ਨਾਲ ਖੇਡੇਗਾ। ਇਸ ਟੂਰਨਾਮੈਂਟ ਨਾਲ ਚੋਟੀ ਦੇ ਦੋ ਖਿਡਾਰੀਆਂ ਨੂੰ ਕੈਂਡੀਡੇਟਸ ਟੂਰਨਾਮੈਂਟ 2018 'ਚ ਸਿੱਧਾ ਦਾਖਲਾ ਮਿਲੇਗਾ। ਪਹਿਲੀ ਵਾਰ ਭਾਰਤ ਦੇ 2 ਚੋਟੀ ਦੇ ਖਿਡਾਰੀ ਆਨੰਦ ਅਤੇ ਪੀ. ਹਰੀਕ੍ਰਿਸ਼ਨਾ ਇਸ 'ਚ ਖੇਡ ਰਹੇ ਹਨ। ਆਨੰਦ ਨੇ 2007 ਤੋਂ ਵਿਸ਼ਵ ਚੈਂਪੀਅਨਸ਼ਿਪ ਜਿੱਤਣੀ ਸ਼ੁਰੂ ਕਰ ਦਿੱਤੀ ਤਾਂ ਉਸ ਨੂੰ ਵਿਸ਼ਵ ਕੱਪ ਖੇਡਣ ਦੀ ਜ਼ਰੂਰਤ ਨਹੀਂ ਪਈ ਪਰ ਕਰੀਬ 15 ਸਾਲ ਬਾਅਦ ਉਸ ਨੂੰ ਕੈਂਡੀਡੇਟਸ ਟੂਰਨਾਮੈਂਟ ਵਿਚ ਸਿੱਧਾ ਦਾਖਲਾ ਨਹੀਂ ਮਿਲਿਆ। 5 ਵਾਰ ਦੇ ਵਿਸ਼ਵ ਚੈਂਪੀਅਨ ਆਨੰਦ ਲਈ ਇਹ ਟੂਰਨਾਮੈਂਟ ਕਾਫੀ ਮਾਇਨੇ ਰੱਖਦਾ ਹੈ। ਆਨੰਦ ਨੇ ਦੋ ਵਿਸ਼ਵ ਕੱਪ ਖੇਡੇ ਤੇ ਚੀਨ 'ਚ 2000 ਅਤੇ ਹੈਦਰਾਬਾਦ 'ਚ 2002 ਵਿਚ ਖਿਤਾਬੀ ਜਿੱਤ ਦਰਜ ਕੀਤੀ। ਪਹਿਲੇ ਦੌਰ 'ਚ ਆਨੰਦ ਨੂੰ ਆਸਾਨ ਚੁਣੌਤੀ ਮਿਲੀ ਹੈ ਪਰ ਦੂਜੇ ਦੌਰ 'ਚ ਉਸ ਦਾ ਸਾਹਮਣਾ ਗ੍ਰੈਂਡ ਮਾਸਟਰ ਵਾਰੂਜਾਨ ਅਕੋਬੀਅਨ ਨਾਲ ਹੋ ਸਕਦਾ ਹੈ। ਪ੍ਰੀ-ਕੁਆਰਟਰ ਫਾਈਨਲ ਵਿਚ ਉਹ ਇੰਗਲੈਂਡ ਦੇ ਗ੍ਰਂੈਡ ਮਾਸਟਰ ਮਾਈਕਲ ਐਡਮਸ ਨਾਲ ਖੇਡ ਸਕਦਾ ਹੈ ਅਤੇ ਇਸ 'ਚ ਜਿੱਤਣ 'ਤੇ ਉਸ ਦੀ ਟੱਕਰ ਹਿਕਾਰੂ ਨਾਕਾਮੂਰਾ ਨਾਲ ਹੋ ਸਕਦੀ ਹੈ। 
ਭਾਰਤੀ ਗੈਂ੍ਰਡ ਮਾਸਟਰ ਪੇਂਟਾਲਾ ਹਰੀਕ੍ਰਿਸ਼ਨਾ ਫਿਡੇ ਵਿਸ਼ਵ ਕੱਪ ਦੇ ਪਹਿਲੇ ਦੌਰ 'ਚ ਕਿਊਬਾ ਦੇ ਯੂਰੀ ਗੋਂਜਾਲੇਸ ਵਿਡਾਲ ਨਾਲ ਖੇਡੇਗਾ ਤਾਂ ਕਿ 2018 ਕੈਂਡੀਡੇਟਸ ਟੂਰਨਾਮੈਂਟ 'ਚ ਆਪਣੀ ਜਗ੍ਹਾ ਪੱਕੀ ਕਰ ਸਕੇ। ਦੁਨੀਆ ਦੇ 20ਵੇਂ ਨੰਬਰ ਦੇ ਖਿਡਾਰੀ ਦਾ ਮੰਨਣਾ ਹੈ ਕਿ ਇਸ ਸਾਲ ਵਿਸ਼ਵ ਕੱਪ ਕਾਫੀ ਮੁਸ਼ਕਿਲ ਹੋਵੇਗਾ ਕਿਉਂਕਿ ਇਸ 'ਚ ਦੁਨੀਆ ਦੇ ਸਰਵਸ੍ਰੇਸ਼ਠ ਖਿਡਾਰੀ ਹਿੱਸਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਦੁਨੀਆ ਭਰ ਦੇ ਚੋਟੀ ਦੀ ਰੈਂਕਿੰਗ ਵਾਲੇ ਖਿਡਾਰੀ ਇਸ 'ਚ ਹਿੱਸਾ ਲੈਣਗੇ ਅਤੇ ਮੈਨੂੰ ਪਤਾ ਹੈ ਕਿ ਕਾਫੀ ਮੁਸ਼ਕਿਲ ਹੋਵੇਗਾ ਕਿਉਂਕਿ ਇਹ ਨਾਕਆਊਟ ਟੂਰਨਾਮੈਂਟ ਹੈ ਤਾਂ ਮੈਂ ਮੈਚ ਦਰ ਮੈਚ ਰਣਨੀਤੀ ਬਣਾਵਾਂਗਾ।