ਮਕਾਰੋਵਾ-ਵੇਸਨਿਨਾ ਅਤੇ ਕੁਬੋਤ-ਮੇਲੋ ਨੂੰ ਡਬਲਜ਼ ਖਿਤਾਬ

07/16/2017 3:38:03 PM

ਲੰਡਨ— ਰੂਸੀ ਜੋੜੀ ਏਕਾਟੇਰੀਨਾ ਮਕਾਰੋਵਾ ਅਤੇ ਐਲਿਨਾ ਵੇਸਨੀਨਾ ਨੇ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਦਾ ਮਹਿਲਾ ਡਬਲਜ਼ ਦਾ ਖਿਤਾਬ ਜਿੱਤ ਲਿਆ ਹੈ। ਮਹਿਲਾਵਾਂ ਦਾ ਡਬਲਜ਼ ਦਾ ਫਾਈਨਲ ਸਿਰਫ 55 ਮਿੰਟ ਤੱਕ ਚਲਿਆ ਜਿਸ 'ਚ ਮਕਾਰੋਵਾ ਅਤੇ ਵੇਸਨਿਨਾ ਨੇ ਆਪਣੀ ਪ੍ਰਸਿੱਧੀ ਦੇ ਮੁਤਾਬਕ ਪ੍ਰਦਰਸ਼ਨ ਕਰਦੇ ਹੋਏ ਤਾਈਵਾਨ ਦੀ ਹਾਓ ਚਿੰਗ ਚਾਨ ਅਤੇ ਰੋਮਾਨੀਆ ਦੀ ਮੋਨਿਕਾ ਨਿਕੋਲਸਕੂ ਨੂੰ 6-0, 6-0 ਨਾਲ ਕਰਾਰੀ ਹਾਰ ਦਿੱਤੀ।

ਵਿੰਬਲਡਨ ਦੇ ਇਤਿਹਾਸ 'ਚ ਇਹ ਸਿਰਫ ਦੂਜਾ ਮੌਕਾ ਹੈ ਜਦੋਂ ਮਹਿਲਾ ਡਬਲਜ਼ ਫਾਈਨਲ ਦਾ ਫੈਸਲਾ ਡਬਲ ਬੈਗਲ ਸਕੋਰ ਲਾਈਨ ਤੋਂ ਹੋਇਆ। ਇਹ ਦੂਜਾ ਦਰਜਾ ਪ੍ਰਾਪਤ ਰੂਸੀ ਜੋੜੀ ਦਾ ਜੋੜੀ ਦੇ ਰੂਪ 'ਚ ਤੀਜਾ ਗ੍ਰੈਂਡਸਲੈਮ ਖਿਤਾਬ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ 2013 'ਚ ਫ੍ਰੈਂਚ ਓਪਨ ਅਤੇ 2014 'ਚ ਯੂ.ਐੱਸ. ਓਪਨ ਮਹਿਲਾ ਡਬਲਜ਼ ਦਾ ਖਿਤਾਬ ਜਿੱਤਿਆ ਸੀ। ਦੂਜੇ ਪਾਸੇ ਪੋਲੈਂਡ ਦੇ ਲੁਕਾਸ ਕੁਬੋਤ ਅਤੇ ਬ੍ਰਾਜ਼ੀਲ ਦੇ ਮਾਰਸੇਲੋ ਮੇਲੋ ਦੀ ਜੋੜੀ ਨੇ ਪੁਰਸ਼ ਡਬਲਜ਼ ਦੇ ਖਿਤਾਬੀ ਮੁਕਾਬਲੇ 'ਚ ਆਸਟ੍ਰੀਆ ਦੇ ਓਲੀਵਰ ਮਾਰਾਚ ਅਤੇ ਕ੍ਰੋਏਸ਼ੀਆ ਦੇ ਮਾਟੇ ਪਾਵਿਕ ਨੂੰ ਹਰਾਇਆ। ਕੁਬੋਤ-ਮੇਲੋ ਦੀ ਜੋੜੀ ਨੇ ਲਗਭਗ ਸਾਢੇ ਚਾਰ ਘੰਟੇ ਤੱਕ ਚਲੇ ਮੈਰਾਥਨ ਮੁਕਾਬਲੇ 'ਚ ਮਾਰਾਚ-ਪਾਵਿਕ ਦੀ ਜੋੜੀ ਨੂੰ 5-7, 7-5, 7-6, 3-6, 13-11 ਨਾਲ ਹਰਾ ਕੇ ਖਿਤਾਬ ਜਿੱਤਿਆ।