WC ਖੇਡ ਚੁੱਕਿਆ ਇਹ ਕ੍ਰਿਕਟਰ ਹੋਇਆ ਕੋਰੋਨਾ ਵਾਇਰਸ ਦਾ ਸ਼ਿਕਾਰ, ਰਿਪੋਰਟ ਆਈ ਪਾਜ਼ੀਟਿਵ

03/21/2020 10:35:37 AM

ਸਪੋਰਟਸ ਡੈਸਕ— ਸਕਾਟਲੈਂਡ ਦੇ ਪਾਕਿਸਤਾਨੀ ਮੂਲ ਦੇ ਕ੍ਰਿਕਟਰ ਮਾਜਿਦ ਹੱਕ ਨੂੰ ਕੋਰੋਨਾ ਵਾਇਰਸ ਦਾ ਪਾਜ਼ੀਟਿਵ ਪਾਇਆ ਗਿਆ ਹੈ ਪਰ ਉਹ ਇਸ ਤੋਂ ਉਭਰ ਰਿਹਾ ਹੈ। ਸਕਾਟਲੈਂਡ ਲਈ 2006 ਤੋਂ 2015 ਤਕ 54 ਵਨ-ਡੇ ਅਤੇ 24 ਟੀ-20 ਕੌਮਾਂਤਰੀ ਮੈਚ ਖੇਡਣ ਵਾਲੇ ਆਫ ਸਪਿਨਰ ਹੱਕ ਨੇ ਸ਼ੁੱਕਰਵਾਰ ਨੂੰ ਇਸ ਦਾ ਐਲਾਨ ਕੀਤਾ ਹੈ।

ਦਰਅਸਲ, 37 ਸਾਲ ਦੇ ਇਸ ਖਿਡਾਰੀ ਦਾ ਗਲਾਸਗੋ ’ਚ ਰਾਇਲ ਐਲੇਕਸਾਂਦਰਾ ਹਸਪਤਾਲ ’ਚ ਇਲਾਜ ਕੀਤਾ ਜਾ ਰਿਹਾ ਹੈ। ਉਸ ਨੇ ਟਵੀਟ ਕੀਤਾ, ‘‘ਕੋਰੋਨਾ ਵਾਇਰਸ ਦੇ ਪਾਜ਼ੀਟਿਵ ਪਾਏ ਜਾਣ ਦੇ ਬਾਅਦ ਅੱਜ ਸ਼ਾਇਦ ਘਰ ਪਰਤ ਸਕਦਾ ਹਾਂ। ਹਸਪਤਾਲ ’ਚ ਸਟਾਫ ਅਤੇ ਠੀਕ ਹੋਣ ਦਾ ਸੰਦੇਸ਼ ਭੇਜਣ ਵਾਲਿਆਂ ਦਾ ਧੰਨਵਾਦ। ਛੇਤੀ ਹੀ ਸਿਹਤਮੰਦ ਹੋ ਕੇ ਪਰਤਾਂਗਾ।’’

ਸਕਾਟਲੈਂਡ ’ਚ ਵੀਰਵਾਰ ਨੂੰ 266 ਮਾਮਲਿਆਂ ਦੀ ਪੁਸ਼ਟੀ ਹੋਈ ਸੀ। ਜ਼ਿਕਰਯੋਗ ਹੈ ਕਿ 2015 ’ਚ ਮਾਜਿਦ ਹਕ ਵਰਲਡ ਕੱਪ ਖੇਡਣ ਵਾਲੀ ਸਕਾਟਲੈਂਡ ਕ੍ਰਿਕਟ ਟੀਮ ਦਾ ਹਿੱਸਾ ਸਨ। ਉਨ੍ਹਾਂ ਨੇ ਆਸਟਰੇਲੀਆ ਅਤੇ ਨਿਊਜ਼ੀਲੈਂਡ ਖਿਲਾਫ ਮੁਕਾਬਲਾ ਖੇਡਿਆ ਸੀ। ਸਾਲ 2019 ਤਕ ਮਾਜਿਦ ਸਕਾਟਲੈਂਡ ਵੱਲੋਂ ਵਨ-ਡੇ ’ਚ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਗੇਂਦਬਾਜ਼ ਸਨ। ਦੱਸ ਦਈਏ ਕਿ ਇਸ ਸਮੇਂ ਪੂਰੀ ਦੁਨੀਆ ’ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ ਜਿਸ ਕਾਰਨ ਹਜ਼ਾਰਾਂ ਮੌਤਾਂ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ ਪੂਰੀ ਦੁਨੀਆ ’ਚ ਵੱਖ-ਵੱਖ ਖੇਡ ਟੂਰਨਾਮੈਂਟ ਰੱਦ ਕਰ ਦਿੱਤੇ ਗਏ ਹਨ। 

ਇਹ ਵੀ ਪੜ੍ਹੋ : ਖੁਦ ਨੂੰ ਸਭ ਤੋਂ ਅਲਗ ਕਰਕੇ ਆਜ਼ਾਦੀ ਦੇ ਨਵੇਂ ਮਾਇਨੇ ਸਮਝ ਆਏ : ਮੈਰੀ ਕਾਮ

Tarsem Singh

This news is Content Editor Tarsem Singh