ਭਾਰਤ ਖਿਲਾਫ ਟੀ-20 ਸੀਰੀਜ਼ ਜਿੱਤਣਾ ਮਹੱਤਵਪੂਰਨ : ਮਹਿਮੂਦਉਲ੍ਹਾ

11/07/2019 11:11:39 AM

ਰਾਜਕੋਟ— ਬੰਗਲਾਦੇਸ਼ ਦੇ ਕਪਤਾਨ ਮਹਿਮੂਦਉਲ੍ਹਾ ਨੇ ਬੁੱਧਵਾਰ ਨੂੰ ਕਿਹਾ ਕਿ ਮੇਜ਼ਬਾਨ ਭਾਰਤ ਖ਼ਿਲਾਫ਼ ਟੀ-20 ਸੀਰੀਜ਼ ਵਿਚ ਜਿੱਤ ਬੰਗਲਾਦੇਸ਼ ਕ੍ਰਿਕਟ ਲਈ ਬਹੁਤ ਮਹੱਤਵਪੂਰਨ ਹੋਵੇਗੀ ਜੋ ਪਿਛਲੇ ਦਿਨੀਂ ਮਾੜੇ ਹਾਲਾਤ 'ਚ ਰਿਹਾ ਹੈ ਜਿਸ ਵਿਚ ਸਟਾਰ ਖਿਡਾਰੀ ਸ਼ਾਕਿਬ ਅਲ ਹਸਨ 'ਤੇ ਪਾਬੰਦੀ ਲੱਗਣਾ ਵੀ ਸ਼ਾਮਲ ਹੈ। ਮਹਿਮੂਦ ਉਲ੍ਹਾ ਨੇ ਕਿਹਾ ਕਿ ਜੇ ਤੁਸੀਂ ਪਿਛਲੇ ਸਮੇਂ ਦੀਆਂ ਘਟਨਾਵਾਂ 'ਤੇ ਗ਼ੌਰ ਕਰੋ ਤਾਂ ਬੰਗਲਾਦੇਸ਼ ਕ੍ਰਿਕਟ ਵਿਚ ਜੋ ਹੋਇਆ ਉਸ ਨੂੰ ਦੇਖਦੇ ਹੋਏ ਸੀਰੀਜ਼ ਵਿਚ ਜਿੱਤ ਬੰਗਲਾਦੇਸ਼ ਕ੍ਰਿਕਟ ਲਈ ਮਹੱਤਵਪੂਰਨ ਹੈ ਤੇ ਇਸ ਨਾਲ ਬੰਗਲਾਦੇਸ਼ ਕ੍ਰਿਕਟ ਟੀਮ ਦਾ ਮਨੋਬਲ ਵਧੇਗਾ।

ਮੈਂ ਪਹਿਲਾਂ ਵੀ ਕਿਹਾ ਸੀ ਕਿ ਭਾਰਤ ਨੂੰ ਹਰਾਉਣ ਲਈ ਸਾਨੂੰ ਚੰਗੀ ਕ੍ਰਿਕਟ ਖੇਡਣੀ ਪਵੇਗੀ ਕਿਉਂਕਿ ਅਸੀਂ ਜਾਣਦੇ ਹਾਂ ਕਿ ਉਨ੍ਹਾਂ ਦੀ ਟੀਮ ਵਿਦੇਸ਼ ਵਿਚ ਚੰਗਾ ਪ੍ਰਦਰਸ਼ਨ ਕਰ ਰਹੀ ਹੈ ਇਸ ਲਈ ਸਾਨੂੰ ਪਹਿਲੀ ਗੇਂਦ ਤੋਂ ਹੀ ਆਪਣਾ ਸਰਬੋਤਮ ਦੇਣਾ ਪਵੇਗਾ। ਮਹਿਮੂਦ ਉਲ੍ਹਾ ਨੇ ਕਿਹਾ ਕਿ ਯਕੀਨੀ ਤੌਰ 'ਤੇ ਇਹ ਸ਼ਾਨਦਾਰ ਮੌਕਾ ਹੈ ਖ਼ਾਸ ਕਰ ਜਦ ਅਸੀਂ ਸੀਰੀਜ਼ ਦਾ ਪਹਿਲਾ ਮੈਚ ਜਿੱਤਿਆ ਹੈ। ਮਹਿਮੂਦ ਉਲ੍ਹਾ ਨੇ ਕਿਹਾ ਖਿਡਾਰੀ ਬਹੁਤ ਉਤਸ਼ਾਹਤ ਹਨ ਤੇ ਉਮੀਦ ਹੈ ਕਿ ਅਸੀਂ ਦੂਜੇ ਮੈਚ ਵਿਚ ਚੰਗੀ ਖੇਡ ਦਿਖਾਵਾਂਗੇ। ਅਸੀਂ ਸਾਰੇ ਦੂਜੇ ਮੈਚ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ। ਹਰ ਕੋਈ ਸਖ਼ਤ ਮਿਹਨਤ ਕਰ ਰਿਹਾ ਹੈ।

Tarsem Singh

This news is Content Editor Tarsem Singh