ਮਹਾਰਾਸ਼ਟਰ ਦੀ ਜੋਤੀ ਨੇ ਲਗਾਤਾਰ ਚੌਥੇ ਸਾਲ ਜਿੱਤੀ ਇੰਦਰਾ ਮੈਰਾਥਨ

11/20/2017 2:16:16 PM

ਇਲਾਹਾਬਾਦ, (ਬਿਊਰੋ)— ਮਹਾਰਾਸ਼ਟਰ ਦੇ ਪਰਭਨੀ ਜ਼ਿਲੇ ਦੀ ਜੋਤੀ ਸ਼ੰਕਰ ਰਾਵ ਗਵਤੇ ਨੇ ਐਤਵਾਰ ਨੂੰ ਲਗਾਤਾਰ ਚੌਥੇ ਸਾਲ ਸਰਬ ਭਾਰਤੀ ਇੰਦਰਾ ਮੈਰਾਥਨ 'ਚ ਪਹਿਲਾ ਸਥਾਨ ਹਾਸਲ ਕੀਤਾ ਹੈ। ਜੋਤੀ ਨੇ ਇੱਥੇ ਆਯੋਜਿਤ 33ਵੀਂ ਸਰਬ ਭਾਰਤੀ ਇੰਦਰਾ ਮੈਰਾਥਨ 'ਚ 2 ਘੰਟੇ 54 ਮਿੰਟ ਅਤੇ 26 ਸਕਿੰਟ 'ਚ 42.195 ਕਿਲੋਮੀਟਰ ਮੈਰਾਥਨ ਦੌੜ ਪੂਰੀ ਕੀਤੀ। ਇਸ ਤੋਂ ਪਹਿਲਾਂ ਸਾਲ 2014, 2015 ਅਤੇ 2016 'ਚ ਜੋਤੀ ਸ਼ੰਕਰ ਰਾਵ ਨੇ ਇੰਦਰਾ ਮੈਰਾਥਨ 'ਚ ਪਹਿਲਾ ਸਥਾਨ ਹਾਸਲ ਕੀਤਾ ਸੀ। 

ਸਾਬਕਾ ਪ੍ਰਧਾਨਮੰਤਰੀ ਇੰਦਰਾ ਗਾਂਧੀ ਦੀ ਜੈਅੰਤੀ 'ਤੇ ਆਯੋਜਿਤ ਇੰਦਰਾ ਮੈਰਾਥਨ 'ਚ ਗਾਜ਼ੀਪੁਰ ਦੀ ਅਨਿਤਾ ਚੌਧਰੀ ਨੇ ਦੂਜਾ ਸਥਾਨ ਹਾਸਲ ਕੀਤਾ ਜਦਕਿ ਵਾਰਾਣਸੀ ਦੀ ਰਾਨੀ ਯਾਦਵ ਤੀਜੇ ਸਥਾਨ 'ਤੇ ਰਹੀ। ਪੁਰਸ਼ ਵਰਗ 'ਚ ਫੌਜ ਦੇ ਰਸ਼ਪਾਲ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਉਨ੍ਹਾਂ ਨੇ 2 ਘੰਟੇ 25 ਮਿੰਟ ਅਤੇ 33 ਸਕਿੰਟ 'ਚ ਇਹ ਮੈਰਾਥਨ ਦੌੜ ਪੂਰੀ ਕੀਤੀ ਹੈ। ਜਦਕਿ ਫੌਜ ਦੇ ਹੀ ਅਨਿਲ ਕੁਮਾਰ ਸਿੰਘ ਨੇ ਦੂਜਾ ਅਤੇ ਕਾਨਪੁਰ ਦੇ ਆਨੰਦ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।