ਮੈਗਨਸ ਕਾਰਲਸਨ ਨੇ 1 ਮਿਲੀਅਨ ਡਾਲਰ ਦੇ ਸ਼ਤਰੰਜ ਟੂਰ ਦਾ ਕੀਤਾ ਐਲਾਨ

05/15/2020 6:37:52 PM

ਨਾਰਵੇ (ਨਿਕਲੇਸ਼ ਜੈਨ)– ਵਿਸ਼ਵ ਚੈਂਪੀਅਨ ਤੇ ਵਿਸ਼ਵ ਨੰਬਰ-1 ਸ਼ਤਰੰਜ ਖਿਡਾਰੀ ਮੈਗਨਸ ਕਾਰਲਸਨ ਨੇ ਅਾਨਲਾਈਨ ਸ਼ਤਰੰਜ ਵਿਚ ਕ੍ਰਾਂਤੀ ਲਿਉਣ ਦਾ ਬੀੜਾ ਜਿਵੇਂ ਖੁਦ ਹੀ ਚੁੱਕ ਲਿਆ ਹੈ ਤੇ ਇਸਦੇ ਲਈ ਉਹ ਇਕ ਤੋਂ ਬਾਅਦ ਇਕ ਵੱਡੇ ਟੂਰਨਾਮੈਂਟ ਲੈ ਕੇ ਆ ਰਿਹਾ ਹੈ। ਇਕ ਹਫਤੇ ਪਹਿਲਾਂ ਹੀ 50,000 ਅਮਰੀਕੀ ਡਾਲਰ ਦੀ ‘ਮੈਗਨਸ ਕਾਰਲਸਨ ਇਨਵਾਇਟ ਲੀਗ’ ਦੀ ਸਮਾਪਤੀ ਤੋਂ ਬਾਅਦ ਇਕ ਵਾਰ ਫਿਰ ਵਿਸ਼ਵ ਚੈਂਪੀਅਨ ਨੇ ਸਾਰਿਆਂ ਨੂੰ ਹੈਰਾਨ ਕਰਦੇ ਹੋਏ ਪ੍ਰੈੱਸ ਬਿਆਨ ਵਿਚ ਐੱਮ. ਸੀ. ਸ਼ਤਰੰਜ ਟੂਰ ਦਾ ਐਲਾਨ ਕੀਤਾ, ਜਿਹੜਾ 4 ਆਨਲਾਈਨ ਸੁਪਰ ਗ੍ਰੈਂਡ ਮਾਸਟਰ ਟੂਰਨਾਮੈਂਟਾਂ ਦੀ ਇਕ ਲੜੀ ਹੋਵੇਗੀ। ਗ੍ਰੈਂਡ ਫਾਈਨਲ 4 ਟੂਰਨਾਮੈਂਟਾਂ ਦੇ ਹਰੇਕ ਜੇਤੂ ਵਿਚਾਲੇ ਖੇਡਿਆ ਜਾਵੇਗਾ। ਇਹ ਆਨਲਾਈਨ ਸ਼ਤਰੰਜ ਲਈ ਨਵਾਂ ਵੱਡਾ ਤਜਰਬਾ ਤੇ ਆਯੋਜਨ ਹੋਵੇਗਾ। ਪੂਰੇ ਟੂਰ ਵਿਚ 1 ਮਿਲੀਅਨ ਡਾਲਰ ਦੀ ਇਨਾਮੀ ਰਾਸ਼ੀ ਹੋਵੇਗੀ, ਜਿਹੜੀ ਆਨਲਾਈਨ ਸ਼ਤਰੰਜ ਇਤਿਹਾਸ ਵਿਚ ਸਭ ਤੋਂ ਵੱਧ ਹੈ। ਹਾਲਾਂਕਿ ਇਸ ਵਿਚ ਖਤਮ ਹੋਏ ਮੈਗਨਸ ਕਾਰਲਸਨ ਇਨਵਾਇਟ ਨੂੰ ਵੀ ਸ਼ਾਮਲ ਕਰ ਲਿਆ ਗਿਆ ਹੈ।
19 ਮਈ ਤੋਂ ਸ਼ੁਰੂ ਹੋਣ ਵਾਲਾ ਲਿੰਡੋਰੇਸ ਏ. ਬੀ. ਰੈਪਿਡ ਚੈਲੰਜ 3 ਜੂਨ ਤਕ ਚੱਲੇਗਾ, ਫਿਰ ਆਨਲਾਈਨ ਚੈੱਸ ਮਾਸਟਰ 20 ਜੂਨ ਤੋਂ 5 ਜੁਲਾਈ ਵਿਚਾਲੇ ਖੇਡਿਆ ਜਾਵੇਗਾ, ਉਸ ਤੋਂ ਬਾਅਦ ਲੀਜੈਂਡਸ ਆਫ ਚੈੱਸ ਦਾ ਆਯੋਜਨ 21 ਜੁਲਾਈ ਤੋਂ 5 ਅਗਸਤ ਤਕ ਹੋਵੇਗਾ ਤੇ ਫਿਰ ਟੂਰ ਫਾਈਨਲ 9 ਅਗਸਤ ਤੋਂ 20 ਅਗਸਤ ਦੌਰਾਨ ਖੇਡਿਆ ਜਾਵੇਗਾ। ਖਿਡਾਰੀਆਂ ਦੇ ਨਾਂ ਦਾ ਐਲਾਨ ਜਲਦ ਹੀ ਕੀਤੇ ਜਾਣ ਦੀ ਉਮੀਦ ਹੈ।

Ranjit

This news is Content Editor Ranjit