ਜਾਣੋ ਕਿਉਂ ਵਿਸ਼ਵ ਕੱਪ ਦੌਰਾਨ ਭਾਰਤੀ ਟੀਮ ਤੋਂ ਬਦਲਾ ਲੈਣਾ ਚਾਹੁੰਦੈ ਐਨਗਿਡੀ

05/20/2019 2:21:23 PM

ਨਵੀਂ ਦਿੱਲੀ : ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਲੁੰਗੀ ਐਨਗਿਡੀ ਆਗਾਮੀ ਵਿਸ਼ਵ ਕੱਪ ਵਿਚ ਭਾਰਤੀ ਕ੍ਰਿਕਟ ਟੀਮ ਤੋਂ ਬਦਲਾ ਲੈਣਾ ਚਾਹੁੰਦੇ ਹਨ। ਦਰਅਸਲ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਨੇ ਪਿਛਲੇ ਸਾਲ ਦੱਖਣੀ ਅਫਰੀਕਾ ਨੂੰ ਉਸ ਦੇ ਘਰ 5-1 ਨਾਲ ਹਰਾਇਆ ਸੀ। ਦੱਖਣੀ ਅਫਰੀਕਾ ਦੀ ਟੀਮ ਉਸ ਸੀਰੀਜ਼ ਵਿਚ ਕਪਤਾਨ ਫਾਫ ਡੂ ਪਲੇਸਿਸ, ਏ. ਬੀ. ਡਿਵਿਲੀਅਰਜ਼ ਅਤੇ ਕੁਇੰਟਨ ਡਿ ਕਾਕ ਵਰਗੇ ਖਿਡਾਰੀਆਂ ਦੇ ਬਿਨਾ ਖੇਡੀ ਸੀ ਅਤੇ ਐਨਗਿਡੀ ਦਾ ਮੰਨਣਾ ਹੈ ਕਿ ਸਾਰੇ ਮੁੱਖ ਖਿਡਾਰੀਆਂ ਦੀ ਮੌਜੂਦਗੀ ਵਾਲੀ ਦੱਖਣੀ ਅਫਰੀਕੀ ਟੀਮ 5 ਜੂਨ ਨੂੰ ਸਾਊਥੰਪਟਨ ਵਿਚ ਭਾਰਤ ਨੂੰ ਹਰਾਉਣ 'ਚ ਸਫਲ ਰਹੇਗੀ।

ਐਨਗਿਡੀ ਨੇ ਕਿਹਾ, ''ਮੈਂ ਭਾਰਤ ਵਿਚ ਖੇਡਣ ਨੂੰ ਲੈ ਕੇ ਉਤਸ਼ਾਹਿਤ ਹਾਂ। ਜਦੋਂ ਉਹ ਦੱਖਣੀ ਅਫਰੀਕਾ ਆਏ ਸੀ ਤਾਂ ਸਾਡੇ ਖਿਲਾਫ ਸੀਰੀਜ਼ ਉਨ੍ਹਾਂ ਲਈ ਚੰਗੀ ਰਹੀ ਸੀ। ਇਸ ਲਈ ਮੈਨੂੰ ਲਗਦਾ ਹੈ ਕਿ ਸਾਡੇ ਕੋਲ ਬਦਲਾ ਲੈਣ ਦਾ ਚੰਗਾ ਮੌਕਾ ਹੈ। ਮੈਨੂੰ ਲਗਦਾ ਹੈ ਕਿ ਬਾਕੀ ਖਿਡਾਰੀ ਵੀ ਅਜਿਹਾ ਹੀ ਸੋਚ ਰਹੇ ਹੋਣਗੇ। ਭਾਰਤੀ ਟੀਮ ਉਸ ਸੀਰੀਜ਼ ਵਿਚ ਕਾਫੀ ਚੰਗੀ ਸੀ ਅਤੇ ਜਿੱਤ ਦਾ ਸਿਹਰਾ ਤੁਸੀਂ ਉਨ੍ਹਾਂ ਤੋਂ ਨਹੀਂ ਖੋਹ ਸਕਦੇ ਪਰ ਅਸੀਂ ਕੁਝ ਖਿਡਾਰੀਆਂ ਦੇ ਬਿਨਾ ਖੇਡ ਰਹੇ ਸੀ। ਉਨ੍ਹਾਂ ਖਿਡਾਰੀਆਂ ਦੇ ਨਾਲ ਟੀਮ ਮਜ਼ਬੂਤ ਹੋਈ ਹੈ।''

ਦੱਖਣੀ ਅਫਰੀਕਾ ਨੇ ਅਜੇ ਵਿਸ਼ਵ ਕੱਪ ਨਹੀਂ ਜਿੱਤਿਆ ਹੈ ਅਤੇ ਐਨਗਿਡੀ ਨੇ ਕਿਹਾ ਕਿ ਜੇਕਰ ਉਹ ਟੀਮ ਨੂੰ ਜਿੱਤ ਦਿਵਾਉਣ 'ਚ ਸਫਲ ਰਹੇ ਤਾਂ ਇਹ ਸੁਪਨਾ ਪੂਰਾ ਹੋਣ ਦੀ ਤਰ੍ਹਾਂ ਹੋਵੇਗਾ। ਜਦੋਂ ਤੋਂ ਮੈਂ ਅੰਤਰਰਾਸ਼ਟਰੀ ਕ੍ਰਿਕਟ ਵਿਚ ਆਪਣੀ ਯਾਤਰਾ ਸ਼ੁਰੂ ਕੀਤੀ ਤਦ ਤੋਂ ਹਮੇਸ਼ਾ ਮੇਰਾ ਧਿਆਨ ਇਸ ਵੱਲ ਰਿਹਾ ਹੈ। ਇਹ ਦੱਸਿਆ ਗਿਆ ਹੈ ਕਿ ਵਿਸ਼ਵ ਕੱਪ ਆ ਰਿਹਾ ਹੈ ਅਤੇ ਕੀ ਮੇਰੀਆਂ ਨਜ਼ਰਾਂ ਟੀਮ ਵਿਚ ਜਗ੍ਹਾ ਬਣਾਉਣ 'ਤੇ ਹਨ। ਮੈਂ ਉਤਸ਼ਾਹਿਤ ਹਾਂ ਅਤੇ ਵਿਸ਼ਵ ਕੱਪ ਜਿੱਤਣਾ ਅਤੇ ਇਸ ਨੂੰ ਦੱਖਣੀ ਅਫਰੀਕਾ ਦੀ ਧਰਤੀ 'ਤੇ ਲਿਆਉਣਾ ਸੁਪਨਾ ਪੂਰਾ ਹੋਣ ਦੀ ਤਰ੍ਹਾਂ ਹੋਵੇਗਾ।