ਲੀਜੈਂਡ ਦੌੜਾਕ ਬੋਲਟ ਹੁਣ ਫੁੱਟਬਾਲ ਕਲੱਬ ਨਾਲ ਜੁੜਿਆ

02/28/2018 4:03:00 AM

ਨਵੀਂ ਦਿੱਲੀ— ਧਰਤੀ ਦਾ ਸਭ ਤੋਂ ਤੇਜ਼ ਪੁਰਸ਼ ਦੌੜਾਕ ਤੇ 8 ਵਾਰ ਦਾ ਓਲੰਪਿਕ ਸੋਨ ਤਮਗਾ ਜੇਤੂ ਜਮਾਇਕਾ ਦਾ ਓਸੈਨ ਬੋਲਟ ਬਤੌਰ ਫੁੱਟਬਾਲਰ ਇਕ ਕਲੱਬ ਨਾਲ ਜੁੜ ਗਿਆ ਹੈ। 31 ਸਾਲਾ ਬੋਲਟ ਨੇ ਸੋਸ਼ਲ ਮੀਡੀਆ 'ਤੇ ਆਪਣੇ 10 ਸੈਕੰਡ ਦੀ ਇਕ ਵੀਡੀਓ 'ਚ ਇਸ ਦੀ ਜਾਣਕਾਰੀ ਦਿੱਤੀ। ਹਾਲਾਂਕਿ ਉਸ ਨੇ ਸਿਰਫ ਇੰਨਾ ਹੀ ਦੱਸਿਆ ਕਿ ਉਹ ਇਕ ਫੁੱਟਬਾਲ ਕਲੱਬ ਨਾਲ ਜੁੜ ਗਿਆ ਹੈ ਤੇ ਕਲੱਬ ਦੇ ਨਾਂ ਦਾ ਖੁਲਾਸਾ ਮੰਗਲਵਾਰ ਰਾਤ ਨੂੰ ਕਰਨ ਵਾਲਾ ਹੈ।
ਬੋਲਟ ਮਾਨਚੈਸਟਰ ਯੂਨਾਈਟਿਡ ਫੁੱਟਬਾਲ ਕਲੱਬ ਦਾ ਬਹੁਤ ਵੱਡਾ ਪ੍ਰਸ਼ੰਸਕ ਹੈ। ਉਸ ਨੇ ਇਕ ਵਾਰ ਇਕ ਇੰਟਰਵਿਊ 'ਚ ਕਿਹਾ ਸੀ ਕਿ ਐਥਲੈਟਿਕਸ ਤੋਂ ਸੰਨਿਆਸ ਲੈਣ ਤੋਂ ਬਾਅਦ ਉਹ ਕਲੱਬ 'ਚ ਆਪਣਾ ਕਰੀਅਰ ਬਣਾਉਣ ਦੀ ਸੋਚ ਰਿਹਾ ਹੈ। ਉਸ ਨੇ ਕਿਹਾ ਸੀ ਕਿ ਉਸ ਦਾ ਸੁਪਨਾ ਹੈ ਕਿ ਉਹ ਮਾਨਚੈਸਟਰ ਯੂਨਾਈਟਿਡ ਦੀ ਟੀਮ ਵਲੋਂ ਖੇਡੇ। ਪਿਛਲੇ ਸਾਲ ਅਗਸਤ 'ਚ ਲੰਡਨ ਵਿਚ ਹੋਈ ਵਿਸ਼ਵ ਐਥਲੈਟਿਕਸ 'ਚ ਬੋਲਟ ਆਖਰੀ ਵਾਰ ਰੇਸ 'ਚ ਉਤਰਿਆ ਸੀ, ਜਿਥੇ ਉਸ ਨੇ 100 ਮੀਟਰ ਦੀ ਰੇਸ 'ਚ ਤੀਜੇ ਸਥਾਨ 'ਤੇ ਰਹਿ ਕੇ ਕਾਂਸੀ ਤਮਗਾ ਜਿੱਤਿਆ ਸੀ।
ਡੋਪਿੰਗ ਨੂੰ ਲੈ ਕੇ ਜਿਥੇ ਦੁਨੀਆ ਦੇ ਕਈ ਧਾਕੜ ਖਿਡਾਰੀ ਫਸੇ ਹੋਏ ਹਨ, ਉਥੇ ਹੀ ਬੋਲਟ ਨੇ ਆਪਣੇ ਕਰੀਅਰ 'ਚ ਆਪਣੇ ਅਕਸ ਨੂੰ ਵੀ ਬੇਦਾਗ ਰੱਖਿਆ ਹੈ ਤੇ ਹਮੇਸ਼ਾ ਖੇਡਾਂ ਵਿਚ ਪਾਰਦਰਸ਼ਿਤਾ ਤੇ ਈਮਾਨਦਾਰੀ ਦਾ ਸਮਰਥਨ ਕੀਤਾ ਹੈ।