ਦੋਸਤਾਨਾ ਮੈਚ ''ਚ ਸੇਵੀਲਾ ਤੋਂ ਹਾਰਿਆ ਲੀਵਰਪੂਲ

07/23/2019 3:30:15 AM

ਬਾਸਟਨ— ਆਖ਼ਰੀ ਸਮੇਂ ਵਿਚ ਅਲੇਜੇਂਦਰੋ ਪੋਜੋ ਵੱਲੋਂ ਕੀਤੇ ਗਏ ਗੋਲ ਦੀ ਬਦੌਲਤ ਸੇਵੀਲਾ ਨੇ ਬੋਸਟਨ ਵਿਚ ਖੇਡੇ ਗਏ ਇਕ ਦੋਸਤਾਨਾ ਮੁਕਾਬਲੇ ਵਿਚ ਯੂਰਪੀ ਚੈਂਪੀਅਨ ਲੀਵਰਪੂਲ ਫੁੱਟਬਾਲ ਕਲੱਬ ਨੂੰ 2-1 ਨਾਲ ਹਰਾ ਦਿੱਤਾ। ਇੰਗਲਿਸ਼ ਕਲੱਬ ਲੀਵਰਪੂਲ ਲਈ ਇਸ ਹਾਰ ਦਾ ਜ਼ਖ਼ਮ ਇਸ ਲਈ ਵੀ ਹੋਰ ਗਹਿਰਾ ਹੋ ਗਿਆ ਕਿਉਂਕਿ ਉਸ ਦੇ ਖਿਡਾਰੀ ਯਾਸੇਰ ਲਾਰੋਸੀ ਨੂੰ ਸੱਟ ਲੱਗਣ ਤੋਂ ਬਾਅਦ ਸਟ੍ਰੈਚਰ 'ਤੇ ਮੈਦਾਨ 'ਚੋਂ ਬਾਹਰ ਲਿਜਾਣਾ ਪਿਆ। ਲੀਵਰਪੂਲ ਦੇ ਮੈਨੇਜਰ ਜੁਰਜੇਨ ਕਲੋਪ ਨੇ ਸੇਵੀਲਾ ਦੇ ਜੋਰਿਸ ਗੈਗਨੋਨ ਵੱਲੋਂ 76ਵੇਂ ਮਿੰਟ ਵਿਚ ਲਾਈ ਗਈ ਖ਼ਤਰਨਾਕ ਕਿੱਕ 'ਤੇ ਆਪਣਾ ਗੁੱਸਾ ਜ਼ਾਹਿਰ ਕੀਤਾ। ਜੋਰਿਸ ਨੇ ਜਾਣ ਬੁੱਝ ਕੇ ਲਾਰੋਸੀ ਦੇ ਪੈਰਾਂ 'ਤੇ ਵਾਰ ਕੀਤਾ ਜਿਸ ਕਾਰਨ ਉਹ ਜ਼ਮੀਨ 'ਤੇ ਡਿੱਗੇ ਜਿਸ ਨਾਲ ਉਨ੍ਹਾਂ ਦੇ ਪੈਰ ਵਿਚ ਸੱਟ ਲੱਗਣ ਤੋਂ ਇਲਾਵਾ ਉਨ੍ਹਾਂ ਦਾ ਸਿਰ ਵੀ ਜ਼ਮੀਨ ਨਾਲ ਟਕਰਾਇਆ। ਇਸ ਘਟਨਾ ਦੇ ਤੁਰੰਤ ਬਾਅਦ ਰੈਫਰੀ ਨੇ ਜੋਰਿਸ ਨੂੰ ਰੈੱਡ ਕਾਰਡ ਦਿਖਾ ਕੇ ਬਾਹਰ ਕੀਤਾ ਜਿਸ ਕਾਰਨ ਸੇਵੀਲਾ ਨੂੰ ਅੱਗੇ ਦੀ ਖੇਡ 10 ਖਿਡਾਰੀਆਂ ਨਾਲ ਪੂਰੀ ਕਰਨੀ ਪਈ। ਹਾਲਾਂਕਿ ਕਲੋਪ ਨੇ ਉਮੀਦ ਜ਼ਾਹਿਰ ਕੀਤੀ ਹੈ ਕਿ 18 ਸਾਲਾ ਲਾਰੋਸੀ ਦੀ ਸੱਟ ਜ਼ਿਆਦਾ ਗੰਭੀਰ ਨਹੀਂ ਹੈ। 10 ਖਿਡਾਰੀਆਂ ਤਕ ਸੀਮਿਤ ਹੋਣ ਦੇ ਬਾਵਜੂਦ ਸਪੈਨਿਸ਼ ਕਲੱਬ ਸੇਵਿਆ ਨੇ ਚੰਗੀ ਖੇਡ ਦਿਖਾਈ ਤੇ ਜਿੱਤ ਦਰਜ ਕੀਤੀ। ਖੇਡ ਦੇ 37ਵੇਂ ਮਿੰਟ ਵਿਚ ਨੋਟੀਲੋ ਨੇ ਇਕ ਸ਼ਕਤੀਸ਼ਾਲੀ ਕਿੱਕ ਰਾਹੀਂ ਗੋਲ ਕਰ ਕੇ ਸੇਵੀਲਾ ਨੂੰ ਸ਼ੁਰੂਆਤੀ ਬੜ੍ਹਤ ਦਿਵਾਈ। ਹਾਲਾਂਕਿ 44ਵੇਂ ਮਿੰਟ ਵਿਚ ਕਾਰਨਰ ਕਿੱਕ ਤੋਂ ਬਾਅਦ ਮਿਲੀ ਗੇਂਦ ਨੂੰ ਗੋਲ ਪੋਸਟ ਵਿਚ ਪਹੁੰਚਾ ਕੇ ਡਿਵੋਕ ਓਰੀਜਿਲ ਨੇ ਲੀਵਰਪੂਲ ਨੂੰ ਬਰਾਬਰੀ ਦਿਵਾਈ। ਇਸ ਤੋਂ ਬਾਅਦ 90ਵੇਂ ਮਿੰਟ ਵਿਚ ਮੁਨੀਰ ਅਲ ਹਦੀਦੀ ਤੋਂ ਮਿਲੇ ਪਾਸ 'ਤੇ ਪੋਜੋ ਨੇ ਗੋਲ ਕਰ ਕੇ ਸੇਵੀਲਾ ਨੂੰ ਜਿੱਤ ਦਿਵਾਈ। ਫੇਨਵੀ ਪਾਰਕ ਵਿਚ ਇਸ ਮੈਚ ਦੌਰਾਨ ਸੇਵੀਲਾ ਨੇ ਲੀਵਰਪੂਲ ਦੇ ਮੁਕਾਬਲੇ ਜ਼ਿਆਦਾ ਗੋਲ ਕਰਨ ਦੇ ਮੌਕੇ ਤਿਆਰ ਕੀਤੇ।


Gurdeep Singh

Content Editor

Related News