ਲਿਵਰਪੂਲ ਨੇ ਲਿਸੈਸਟਰ ਨੂੰ ਹਰਾਇਆ

12/28/2019 9:30:51 AM

ਸਪੋਰਟਸ ਡੈਸਕ—  ਇੰਗਲਿਸ਼ ਪ੍ਰੀਮੀਅਰ ਲੀਗ 'ਚ ਵੀਰਵਾਰ ਦੇਰ ਰਾਤ ਖੇਡੇ ਗਏ ਮੁਕਾਬਲੇ ਵਿਚ ਲਿਵਰਪੂਲ ਨੇ ਹਮਲਾਵਰ ਖੇਡ ਦਿਖਾਉਂਦੇ ਹੋਏ ਲਿਸੈਸਟਰ ਸਿਟੀ ਨੂੰ 4-0 ਨਾਲ ਹਰਾ ਦਿੱਤਾ ਜਿੱਥੇ ਜੇਤੂ ਟੀਮ ਵੱਲੋਂ ਰਾਬਰਟੋ ਫਰਮੀਨੋ ਨੇ ਦੋ ਗੋਲ ਕੀਤੇ। ਇਸ ਜਿੱਤ ਨਾਲ ਅੰਕ ਸੂਚੀ ਵਿਚ ਚੋਟੀ 'ਤੇ ਕਾਬਜ ਲਿਵਰਪੂਲ ਨੇ ਦੂਜੇ ਸਥਾਨ 'ਤੇ ਕਾਬਜ ਲਿਸੈਸਟਰ ਸਿਟੀ 'ਤੇ 13 ਅੰਕਾਂ ਦਾ ਵਾਧਾ ਹਾਸਲ ਕਰ ਲਿਆ ਹੈ। ਲਿਵਰਪੂਲ ਦੀ ਇਸ ਜਿੱਤ 'ਚ ਲੈਫਟ ਬੈਕ ਟ੍ਰੇਂਟ ਅਲੈਗਜ਼ੈਂਡਰ ਆਰਨੋਲਡ ਦੀ ਅਹਿਮ ਭੂਮਿਕਾ ਰਹੀ ਜਿਨ੍ਹਾਂ ਨੇ ਇਕ ਗੋਲ ਕਰਨ ਤੋਂ ਇਲਾਵਾ ਤਿੰਨ ਗੋਲਾਂ ਦੇ ਮੌਕੇ ਤਿਆਰ ਕੀਤੇ। ਇਸ ਮੁਕਾਬਲੇ ਦੌਰਾਨ ਲਿਵਰਪੂਲ ਪੂਰੀ ਤਰ੍ਹਾਂ ਕੰਟਰੋਲ ਵਿਚ ਦਿਖਾਈ ਦਿੱਤਾ। ਫਰਮੀਨੋ (31ਵੇਂ ਮਿੰਟ ਤੇ 74ਵੇਂ ਮਿੰਟ) ਦੇ ਦੋ ਗੋਲਾਂ ਤੋਂ ਇਲਾਵਾ ਜੇਮਜ਼ ਮਿਲਨਰ (71ਵੇਂ ਮਿੰਟ) ਤੇ ਆਰਨੋਲਡ (78ਵੇਂ ਮਿੰਟ) ਨੇ ਵੀ ਗੋਲ ਕਰ ਕੇ ਲਿਵਰਪੂਲ ਨੂੰ ਸ਼ਾਨਦਾਰ ਜਿੱਤ ਦਿਵਾਈ।

52 ਅੰਕਾਂ ਨਾਲ ਚੋਟੀ ਦੇ ਸਥਾਨ 'ਤੇ ਪੁੱਜੀ ਟੀਮ
ਇਸ ਮੁਕਾਬਲੇ ਤੋਂ ਪਹਿਲਾਂ ਲਿਵਰਪੂਲ ਦੇ ਮੈਨੇਜਰ ਜੁਰਜੇਨ ਕਲੋਪ ਨੇ ਟੂਰਨਾਮੈਂਟ ਦੇ ਰੁੱਝੇ ਪ੍ਰੋਗਰਾਮ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਸਨ ਪਰ ਉਨ੍ਹਾਂ ਦੀ ਟੀਮ 'ਤੇ ਕਤਰ ਤੋਂ ਤੁਰੰਤ ਮੁੜਨ ਦਾ ਕੋਈ ਅਸਰ ਨਹੀਂ ਪਿਆ। ਕਤਰ ਵਿਚ ਲਿਵਰਪੂਲ ਨੇ ਫਲੇਮਿੰਗੋ ਨੂੰ ਹਰਾ ਕੇ ਕਲੱਬ ਵਿਸ਼ਵ ਕੱਪ ਜਿੱਤਿਆ ਸੀ। 18 ਮੁਕਾਬਲਿਆਂ ਵਿਚ 52 ਅੰਕਾਂ ਨਾਲ ਲਿਵਰਪੂਲ ਸੂਚੀ ਵਿਚ ਚੋਟੀ 'ਤੇ ਹੈ ਜਦਕਿ ਲਿਸੈਸਟਰ 39 ਅੰਕਾਂ ਨਾਲ ਦੂਜੇ ਸਥਾਨ 'ਤੇ ਹੈ।

Tarsem Singh

This news is Content Editor Tarsem Singh