ਹਾਕੀ ਦੇ ਮਹਾਨ ਖਿਡਾਰੀ ਚਰਨਜੀਤ ਸਿੰਘ ਦਾ ਦਿਹਾਂਤ

01/27/2022 3:04:12 PM

ਨਵੀਂ ਦਿੱਲੀ (ਭਾਸ਼ਾ)- ਭਾਰਤ ਦੀ 1964 ਦੀ ਟੋਕੀਓ ਓਲੰਪਿਕ ਸੋਨ ਤਗਮਾ ਜੇਤੂ ਹਾਕੀ ਟੀਮ ਦੇ ਕਪਤਾਨ ਰਹੇ ਚਰਨਜੀਤ ਸਿੰਘ ਦਾ ਹਿਮਾਚਲ ਪ੍ਰਦੇਸ਼ ਦੇ ਊਨਾ ਸਥਿਤ ਘਰ ਵਿਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਹੈ। ਉਹ ਲੰਬੇ ਸਮੇਂ ਤੋਂ ਉਮਰ ਸੰਬੰਧੀ ਬੀਮਾਰੀਆਂ ਨਾਲ ਵੀ ਜੂਝ ਰਹੇ ਸਨ। ਚਰਨਜੀਤ ਅਗਲੇ ਮਹੀਨੇ ਆਪਣਾ 91ਵਾਂ ਜਨਮਦਿਨ ਮਨਾਉਣ ਵਾਲੇ ਸਨ। ਉਨ੍ਹਾਂ ਦੇ ਪਰਿਵਾਰ ਵਿਚ ਦੋ ਪੁੱਤਰ ਅਤੇ ਇਕ ਧੀ ਹੈ। ਚਰਨਜੀਤ ਨੂੰ ਪੰਜ ਸਾਲ ਪਹਿਲਾਂ ਵੀ ਦੌਰਾ ਪਿਆ ਸੀ ਅਤੇ ਉਦੋਂ ਤੋਂ ਅਧਰੰਗ ਹੋ ਗਿਆ ਸੀ। ਉਨ੍ਹਾਂ ਦੇ ਬੇਟੇ ਵੀ.ਪੀ. ਸਿੰਘ ਨੇ ਦੱਸਿਆ, ‘ਉਹ ਪੰਜ ਸਾਲ ਪਹਿਲਾਂ ਦਿਲ ਦਾ ਦੌਰਾ ਪੈਣ ਤੋਂਂਬਾਅਦ ਉਨ੍ਹਾਂ ਨੂੰ ਅਧਰੰਗ ਹੋ ਗਿਆ ਸੀ। ਉਹ ਸੋਟੀ ਲੈ ਕੇ ਤੁਰਦੇ ਸਨ ਪਰ ਪਿਛਲੇ 2 ਮਹੀਨਿਆਂ ਤੋਂ ਉਨ੍ਹਾਂ ਦੀ ਹਾਲਤ ਹੋਰ ਵਿਗੜ ਗਈ ਸੀ। ਉਨ੍ਹਾਂ ਨੇ ਸਵੇਰੇ ਆਖ਼ਰੀ ਸਾਹ ਲਿਆ।’

ਇਹ ਵੀ ਪੜ੍ਹੋ: ਹਾਰਦਿਕ ’ਤੇ ਚੜ੍ਹਿਆ ‘ਪੁਸ਼ਪਾ’ ਦਾ ਖ਼ੁਮਾਰ, ਨਾਨੀ ਨਾਲ ‘ਸ਼੍ਰੀਵੱਲੀ’ ’ਤੇ ਕੀਤਾ ਡਾਂਸ (ਵੀਡੀਓ)

ਓਲੰਪਿਕ ਸੋਨ ਤਗਮਾ ਜੇਤੂ ਟੀਮ ਦੀ ਕਪਤਾਨੀ ਕਰਨ ਦੇ ਨਾਲ ਉਹ 1960 ਰੋਮ ਓਲੰਪਿਕ ਵਿਚ ਚਾਂਦੀ ਦਾ ਤਗਮਾ ਜੇਤੂ ਟੀਮ ਵਿਚ ਵੀ ਸਨ। ਇਸ ਤੋਂ ਇਲਾਵਾ ਉਹ 1962 ਦੀਆਂ ਏਸ਼ਿਆਈ ਖੇਡਾਂ ਵਿਚ ਚਾਂਦੀ ਦਾ ਤਗ਼ਮਾ ਜੇਤੂ ਟੀਮ ਦੇ ਵੀ ਮੈਂਬਰ ਸਨ। ਸਿੰਘ ਨੇ ਕਿਹਾ, ‘ਮੇਰੀ ਭੈਣ ਦੇ ਦਿੱਲੀ ਤੋਂ ਆਉਣ ਤੋਂ ਬਾਅਦ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।’ ਚਰਨਜੀਤ ਦੀ ਪਤਨੀ ਦਾ 12 ਸਾਲ ਪਹਿਲਾਂ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦਾ ਵੱਡਾ ਪੁੱਤਰ ਕੈਨੇਡਾ ਵਿਚ ਡਾਕਟਰ ਹੈ ਅਤੇ ਛੋਟਾ ਪੁੱਤਰ ਉਨ੍ਹਾ ਦੇ ਨਾਲ ਸੀ। ਉਨ੍ਹਾਂ ਦੀ ਬੇਟੀ ਵਿਆਹ ਤੋਂ ਬਾਅਦ ਦਿੱਲੀ ਵਿਚ ਰਹਿੰਦੀ ਹੈ।

ਇਹ ਵੀ ਪੜ੍ਹੋ: ਭਾਰਤੀ ਆਲਰਾਊਂਡਰ ਕਰੁਣਾਲ ਪੰਡਯਾ ਦਾ ਟਵਿਟਰ ਅਕਾਊਂਟ ਹੈਕ, ਕੀਤੇ ਗਏ ਕਈ ਅਜੀਬੋ-ਗਰੀਬ ਟਵੀਟ

cherry

This news is Content Editor cherry