ਸੱਟੇਬਾਜ਼ੀ ਨੂੰ ਦੇਸ਼ ''ਚ ਮਿਲੇਗੀ ਕਾਨੂੰਨੀ ਮਨਜ਼ੂਰੀ

08/09/2017 10:32:02 PM

ਨਵੀਂ ਦਿੱਲੀ— ਕ੍ਰਿਕਟ ਲਈ ਜਨੂੰਨੀ ਦੇਸ਼ 'ਚ ਕਈ ਵਾਰ ਸੱਟੇਬਾਜ਼ੀ ਨੇ ਇਸ ਖੇਡ ਨੂੰ ਦਾਗ਼ੀ ਕੀਤਾ ਹੈ ਪਰ ਹੁਣ ਦੁਨੀਆ ਦੇ ਕਈ ਦੇਸ਼ਾਂ ਦੀ ਤਰਜ਼ 'ਤੇ ਭਾਰਤ ਵਿਚ ਵੀ ਸੱਟੇਬਾਜ਼ੀ ਨੂੰ ਕਾਨੂੰਨੀ ਮਨਜ਼ੂਰੀ ਦੇਣ 'ਤੇ ਵਿਚਾਰ ਕੀਤਾ ਜਾ ਰਿਹਾ ਹੈ।
ਕਾਨੂੰਨ ਕਮਿਸ਼ਨ ਨੇ ਸਾਰੇ ਰਾਜ ਕ੍ਰਿਕਟ ਸੰਘਾਂ ਨੂੰ ਭਾਰਤ ਵਿਚ ਸੱਟੇਬਾਜ਼ੀ ਨੂੰ ਕਾਨੂੰਨੀ ਤੌਰ 'ਤੇ ਜਾਇਜ਼ ਕਰਨ ਲਈ ਬਾਕਾਇਦਾ ਪੱਤਰ ਲਿਖ ਕੇ ਸੁਝਾਅ ਮੰਗੇ ਹਨ। ਭਾਰਤੀ ਕਾਨੂੰਨ ਕਮਿਸ਼ਨ ਦੇ ਸਕੱਤਰ ਸੰਜੇ ਸਿੰਘ ਨੇ ਰਾਜ ਕ੍ਰਿਕਟ  ਸੰਘਾਂ ਨੂੰ ਇਸ ਸੰਬੰਧੀ ਪੱਤਰ ਲਿਖੇ ਹਨ, ਜਿਸ ਵਿਚ ਦੱਸਿਆ ਗਿਆ ਹੈ ਕਿ ਸੁਪਰੀਮ ਕੋਰਟ ਨੇ ਸੱਟੇਬਾਜ਼ੀ ਨੂੰ ਕਾਨੂੰਨੀ ਰੂਪ ਦੇਣ ਲਈ ਕਾਨੂੰਨ ਕਮਿਸ਼ਨ ਨੂੰ ਸੰਭਾਵਨਾਵਾਂ ਲੱਭਣ ਲਈ ਕਿਹਾ ਹੈ।
ਪੱਤਰ ਅਨੁਸਾਰ ਕਾਨੂੰਨ ਕਮਿਸ਼ਨ ਕ੍ਰਿਕਟ ਨਾਲ ਜੁੜੇ ਸਾਰੇ ਪੱਖਾਂ ਨਾਲ ਇਸ ਬਾਰੇ ਗੱਲ ਕਰ ਕੇ ਉਨ੍ਹਾਂ ਤੋਂ ਸੁਝਾਅ ਮੰਗ ਰਿਹਾ ਹੈ। ਸਾਡਾ ਮੰਨਣਾ ਹੈ ਕਿ ਰਾਜ ਸੰਘਾਂ ਦੇ ਸੱਟੇਬਾਜ਼ੀ ਨੂੰ ਲੈ ਕੇ ਸੁਝਾਅ ਅਹਿਮ ਹਨ। ਸੱਟੇਬਾਜ਼ੀ ਤੇ ਜੂਆ ਦੇ ਮੱਦੇਨਜ਼ਰ ਕਮਿਸ਼ਨ ਨੇ ਫੈਸਲਾ ਕੀਤਾ ਹੈ ਕਿ ਉਹ ਦੋਵਾਂ ਨੂੰ ਕਾਨੂੰਨੀ ਰੂਪ ਦੇਣ ਦੀਆਂ ਸੰਭਾਵਨਾਵਾਂ 'ਤੇ ਵਿਚਾਰ ਕਰੇ।
ਇਸ ਪੱਤਰ ਵਿਚ ਕਾਨੂੰਨ ਕਮਿਸ਼ਨ ਨੇ ਸਾਰੇ ਰਾਜ ਸੰਘਾਂ ਨੂੰ ਜਲਦ ਹੀ ਆਪਣੇ ਸੁਝਾਅ ਦੇਣ ਲਈ ਕਿਹਾ ਹੈ ਤਾਂ ਕਿ ਕਮਿਸ਼ਨ ਜਲਦ ਹੀ ਇਸ ਮਾਮਲੇ 'ਤੇ ਆਪਣੀ ਰਿਪੋਰਟ ਤਿਆਰ ਕਰ ਸਕੇ। ਇਹ ਪੱਤਰ ਸੁਪਰੀਮ ਕੋਰਟ ਵਿਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਤੇ ਬਿਹਾਰ ਕ੍ਰਿਕਟ ਸੰਘ ਵਿਚਾਲੇ ਸੰਬੰਧਤ ਮਾਮਲਿਆਂ ਤੋਂ ਬਾਅਦ ਜਾਰੀ ਕੀਤੇ ਗਏ ਹਨ।
ਭਾਰਤ ਵਿਚ ਕ੍ਰਿਕਟ ਨੂੰ ਲੈ ਕੇ ਹਮੇਸ਼ਾ ਤੋਂ ਵੱਖਰਾ ਹੀ ਜਨੂੰਨ ਰਿਹਾ ਹੈ ਤੇ ਅਜਿਹੇ ਵਿਚ ਸੱਟੇਬਾਜ਼ੀ ਦੀ ਸਮੱਸਿਆ ਵੀ ਮੈਚਾਂ ਦੌਰਾਨ ਆਮ ਹੈ। ਅਜਿਹੇ ਵਿਚ ਬੀ. ਸੀ. ਸੀ. ਆਈ. ਤੇ ਸਰਕਾਰ ਹਮੇਸ਼ਾ ਅਜਿਹੀਆਂ ਗਤੀਵਿਧੀਆਂ ਤੋਂ ਪ੍ਰੇਸ਼ਾਨ ਰਹਿੰਦੀ ਹੈ । ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੌਰਾਨ ਵੀ ਸੱਟੇਬਾਜ਼ੀ ਦੀਆਂ ਗਤੀਵਿਧੀਆਂ ਆਮ ਰਹਿੰਦੀਆਂ ਹਨ।