ਲੀ ਚੋਂਗ ਵੇਈ ਨੇ ਵਾਇਰਲ ਸੈਕਸ ਵੀਡੀਓ ''ਚ ਸ਼ਾਮਲ ਹੋਣ ਤੋਂ ਕੀਤਾ ਇਨਕਾਰ

02/15/2018 1:29:06 PM

ਕੁਆਲਾਲਮਪੁਰ, (ਬਿਊਰੋ)— ਮਲੇਸ਼ੀਆ ਦੇ ਦਿੱਗਜ ਬੈਡਮਿੰਟਨ ਖਿਡਾਰੀ ਲੀ ਚੋਂਗ ਵੇਈ ਨੇ ਵਾਇਰਲ ਹੋਏ ਸੈਕਸ ਵੀਡੀਓ ਦਾ ਹਿੱਸਾ ਹੋਣ ਤੋਂ ਇਨਕਾਰ ਕੀਤਾ ਹੈ ਅਤੇ ਪੁਲਸ 'ਚ ਇਸ ਦੇ ਖਿਲਾਫ ਸ਼ਿਕਾਇਤ ਵੀ ਦਰਜ ਕਰਾਈ ਹੈ। ਦੋ ਬੱਚਿਆਂ ਦੇ ਪਿਤਾ ਚੋਂਗ ਵੇਈ ਨੇ ਵੀਡੀਓ ਨੂੰ ਉਨ੍ਹਾਂ ਦੇ ਅਕਸ ਅਤੇ ਚਰਿੱਤਰ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਾਰ ਦਿੱਤਾ ਹੈ। 

ਹਾਲ ਦੇ ਦਿਨਾਂ 'ਚ ਸੋਸ਼ਲ ਮੀਡੀਆ 'ਚ ਇਸ ਤਰ੍ਹਾਂ ਦੀਆਂ ਅਟਕਲਾਂ ਸਨ ਕਿ ਚੋਂਗ ਵੇਈ ਇਸ ਵੀਡੀਓ 'ਚ ਸ਼ਾਮਲ ਹਨ ਜਿਸ 'ਚ ਇਕ ਪੁਰਸ਼ ਅਤੇ ਮਹਿਲਾ ਨੂੰ ਇਤਰਾਜ਼ਯੋਗ ਸਥਿਤੀ 'ਚ ਦਿਖਾਇਆ ਗਿਆ ਸੀ। ਚੋਂਗ ਵੇਈ ਨੇ ਆਪਣੇ ਫੇਸਬੁੱਕ ਪੇਜ 'ਤੇ ਬਿਆਨ ਜਾਰੀ ਕਰਕੇ ਕਿਹਾ, ''ਮੈਂ ਇਨ੍ਹਾਂ ਘਟੀਆ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਾ ਹਾਂ। ਮੈਂ ਉਪਰੋਕਤ ਵੀਡੀਓ 'ਚ ਕਿਸੇ ਵੀ ਤਰ੍ਹਾਂ ਨਾਲ ਜੁੜਿਆ ਨਹੀਂ ਹਾਂ।'' ਉਨ੍ਹਾਂ ਕਿਹਾ, ''ਮੈਂ ਪੁਲਸ 'ਚ ਸ਼ਿਕਾਇਤ ਦਰਜ ਕਰਾਈ ਹੈ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।''