ਲਵਲੀਨਾ-ਜਮੁਨਾ ਜਿੱਤੀਆਂ, 5 ਮੁੱਕੇਬਾਜ਼ ਕੁਆਰਟਰ ਫਾਈਨਲ ’ਚ

10/10/2019 3:18:35 AM

ਨਵੀਂ ਦਿੱਲੀ- 2018 ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਤਮਗਾ ਜੇਤੂ ਲਵਲੀਨਾ ਬੋਰੋਗਹੇਨ (69 ਕਿ. ਗ੍ਰਾ.) ਅਤੇ ਪ੍ਰੈਜ਼ੀਡੈਂਟ ਕੱਪ ਦੀ ਸੋਨ ਤਮਗਾ ਜੇਤੂ ਜਮੁਨਾ ਬੋਰੋ (54 ਕਿ. ਗ੍ਰਾਮ.) ਨੇ ਉਲਟਫੇਰ ਕਰਦੇ ਹੋਏ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਰੂਸ ਦੇ ਉਲਾਨ ਉਦੇ ’ਚ ਚੱਲ ਰਹੀ ਆਈਬਾ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ’ਚ ਜਗ੍ਹਾ ਬਣਾ ਲਈ ਹੈ।
ਲਵਲੀਨਾ ਅਤੇ ਜਮੁਨਾ ਤੋਂ ਪਹਿਲਾਂ ਐੱਮ. ਸੀ. ਮੈਰੀਕਾਮ (51 ਕਿ.ਗ੍ਰਾ.), ਮੰਜੂ ਰਾਣੀ (48 ਕਿ. ਗ੍ਰਾ.) ਤੇ ਕਵਿਤਾ (81 ਕਿ. ਗ੍ਰਾਮ ਤੋਂ ਵੱਧ) ਨੇ ਕੁਆਰਟਰ ਫਾਈਨਲ ’ਚ ਜਗ੍ਹਾ ਬਣਾ ਲਈ ਸੀ। ਜਮੁਨਾ ਬੋਰੋ ਨੇ 5ਵੀਂ ਸੀਡ ਅਲਜੀਰੀਆ ਦੀ ਮੁੱਕੇਬਾਜ਼ ਓਈਦਾਦ ਐਸਫੋਹ ਨੂੰ ਇਕ ਪਾਸੜ ਮੁਕਾਬਲੇ ’ਚ 5-0 ਨਾਲ ਹਰਾਇਆ। 22 ਸਾਲਾ ਜਮੁਨਾ ਦੀ ਇਹ ਪਹਿਲੀ ਵਿਸ਼ਵ ਚੈਂਪੀਅਨਸ਼ਿਪ ਹੈ ਅਤੇ ਆਸਾਮ ਦੀ ਇਸ ਮੁੱਕੇਬਾਜ਼ ਨੇ ਪਹਿਲੇ ਹੀ ਰਾਊਂਡ ’ਚ ਪੰਚਾਂ ਦੀ ਵਾਛੜ ਕਰਦੇ ਹੋਏ ਵਿਰੋਧੀ ਮੁੱਕੇਬਾਜ਼ ਨੂੰ ਢਹਿ-ਢੇਰੀ ਕਰ ਦਿੱਤਾ।
ਲਵਲੀਨਾ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਮੋਰੱਕੋ ਦੀ ਓਮਾਇਮਾ ਬੇਲ ਅਹਿਬੀਬ ਨੂੰ 5-0 ਨੂੰ ਹਰਾਇਆ। ਲਵਲੀਨਾ ਦਾ ਅਗਲਾ ਮੁਕਾਬਲਾ 6ਵਾਂ ਦਰਜਾ ਹਾਸਲ ਪੋਲੈਂਡ ਦੀ ਕੈਰੋਲੀਨਾ ਕੋਸਜੇਵਸਕਾ ਨਾਲ ਹੋਵੇਗਾ, ਜਦਕਿ ਜਮੁਨਾ ਦਾ ਮੁਕਾਬਲਾ ਜਰਮਨੀ ਦੀ ਉਰਸੁਲਾ ਗੋਟਲੋਵ ਨਾਲ ਹੋਵੇਗਾ।

Gurdeep Singh

This news is Content Editor Gurdeep Singh