ਆਦਿਲ ਦੇ ਗੋਲ ਨਾਲ ਭਾਰਤ ਨੇ ਬੰਗਲਾਦੇਸ਼ ਨਾਲ ਮੈਚ ਡਰਾਅ ਕਰਵਾਇਆ

10/16/2019 12:18:28 PM

ਸਪੋਰਟਸ ਡੈਸਕ— ਆਦਿਲ ਖਾਨ ਦੇ ਆਖਰੀ ਪਲਾਂ 'ਚ ਕੀਤੇ ਗਏ ਗੋਲ ਦੀ ਮਦਦ ਨਾਲ ਭਾਰਤ ਨੇ ਫੀਫਾ ਵਿਸ਼ਵ ਕੱਪ ਕੁਆਲੀਫਾਇਰ ਮੈਚ 'ਚ ਮੰਗਲਵਾਰ ਨੂੰ ਇਥੇ ਬੰਗਲਾਦੇਸ਼ ਨੂੰ 1-1 ਨਾਲ ਡਰਾਅ 'ਤੇ ਰੋਕਿਆ ਪਰ ਇਸ ਨਾਲ ਉਸ ਦੇ ਕੁਆਲੀਫਾਈ ਕਰਨ ਦੀਆਂ ਉਮੀਦਾਂ ਨੂੰ ਕਰਾਰਾ ਝਟਕਾ ਲੱਗਾ।

ਕਤਰ ਖਿਲਾਫ ਪਿਛਲੇ ਮੈਚ 'ਚ ਗੋਲਹਿਤ ਡਰਾਅ ਖੇਡਣ ਵਾਲੇ ਭਾਰਤ ਨੂੰ ਇਸ ਮੈਚ ਵਿਚ ਜਿੱਤ ਦਰਜ ਕਰਨੀ ਚਾਹੀਦੀ ਸੀ ਪਰ ਉਸ ਨੇ ਗੋਲ ਕਰਨ ਦੇ ਕਈ ਮੌਕੇ ਗੁਆਏ ਤੇ ਇਸ ਵਿਚਾਲੇ ਬੰਗਲਾਦੇਸ਼ ਨੂੰ ਗੋਲ ਕਰਨ ਦਾ ਸੁਨਹਿਰੀ ਮੌਕਾ ਵੀ ਪ੍ਰਦਾਨ ਕੀਤਾ। ਇਸ ਮੈਚ ਵਿਚ ਵੀ ਅੰਕ ਵੰਡਣ ਨਾਲ ਭਾਰਤ ਦਾ ਗਰੁੱਪ-ਈ 'ਚ ਅੱਗੇ ਦਾ ਰਸਤਾ ਕਾਫੀ ਮੁਸ਼ਕਿਲ ਹੋ ਗਿਆ ਹੈ। ਭਾਰਤ 3 ਮੈਚਾਂ 'ਚੋਂ 2 ਅੰਕ ਲੈ ਕੇ ਗਰੁੱਪ ਵਿਚ ਚੌਥੇ ਸਥਾਨ 'ਤੇ ਹੈ।
ਬੰਗਲਾਦੇਸ਼  ਨੂੰ ਸਾਦ ਉਦੀਨ ਨੇ 42ਵੇਂ ਮਿੰਟ 'ਚ ਬੜ੍ਹਤ ਦਿਵਾਈ ਸੀ ਪਰ ਆਦਿਲ ਖਾਨ ਨੇ 89ਵੇਂ ਮਿੰਟ 'ਚ ਬਰਾਬਰੀ ਦਾ ਗੋਲ ਕਰ ਕੇ ਭਾਰਤੀ ਟੀਮ ਨੂੰ ਸ਼ਰਮਸਾਰ ਹੋਣ ਤੋਂ ਬਚਾ ਲਿਆ। ਇਸ ਤਰ੍ਹਾਂ ਭਾਰਤੀ ਟੀਮ ਦਾ ਪਿਛਲੇ  20 ਸਾਲਾਂ 'ਚ ਬੰਗਲਾਦੇਸ਼ 'ਤੇ ਜਿੱਤ ਦਰਜ ਕਰਨ ਦਾ ਇੰਤਜ਼ਾਰ ਬਣਿਆ ਰਿਹਾ। ਉਸ ਨੇ ਆਪਣੇ ਇਸ ਗੁਆਂਢੀ ਦੇਸ਼ ਨੂੰ ਆਖਰੀ ਵਾਰ 1999 ਵਿਚ ਸੈਫ ਖੇਡਾਂ 'ਚ ਹਰਾਇਆ ਸੀ। ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਪਿਛਲੇ 3 ਮੈਚ ਡਰਾਅ ਰਹੇ ਹਨ, ਜਦਕਿ 2009 ਸੈਫ ਖੇਡਾਂ 'ਚ ਬੰਗਲਾਦੇਸ਼ ਜਿੱਤ ਦਰਜ ਕਰਨ ਵਿਚ ਸਫਲ ਰਿਹਾ ਸੀ। ਭਾਰਤ ਹੁਣ 14 ਨਵੰਬਰ ਨੂੰ ਅਫਗਾਨਿਸਤਾਨ ਤੇ 10 ਨਵੰਬਰ ਨੂੰ ਓਮਾਨ ਨਾਲ ਉਸ ਦੀ ਹੀ ਧਰਤੀ 'ਤੇ ਭਿੜੇਗਾ।