ਲਲਿਤ ਨੂੰ ਦੀਪਨ ਨੇ ਡਰਾਅ ''ਤੇ ਰੋਕਿਆ, ਅਰਵਿੰਦ ਜਿੱਤਿਆ

11/09/2017 1:33:00 AM

ਪਟਨਾ— ਆਪਣੇ ਆਖਰੀ ਪੜਾਅ 'ਤੇ ਆ ਚੁੱਕੀ ਖਾਦੀ ਇੰਡੀਆ 55ਵੀਂ ਰਾਸ਼ਟਰੀ ਪੁਰਸ਼ ਪ੍ਰੀਮੀਅਰ ਸ਼ਤਰੰਜ ਚੈਂਪੀਅਨਸ਼ਿਪ-2017 ਦੇ 11ਵੇਂ ਰਾਊਂਡ ਤੋਂ ਬਾਅਦ ਵੀ ਇਹ ਕਹਿਣਾ ਮੁਸ਼ਕਿਲ ਹੈ ਕਿ ਖਿਤਾਬ ਦਾ ਦਾਅਵੇਦਾਰ ਕੌਣ ਹੋਵੇਗਾ। ਅੱਜ ਖੇਡੇ ਗਏ ਮੁਕਾਬਲਿਆਂ ਵਿਚ 4 ਮੈਚ ਡਰਾਅ ਰਹੇ, ਜਦਕਿ 3 ਮੈਚਾਂ ਦਾ ਨਤੀਜਾ ਜਿੱਤ ਅਤੇ ਹਾਰ ਦੇ ਤੌਰ 'ਤੇ ਸਾਹਮਣੇ ਆਇਆ। 
ਰੋਹਿਤ ਲਲਿਤ ਬਾਬੂ ਅਤੇ ਦੀਪਨ ਚੱਕਰਵਰਤੀ ਵਿਚਾਲੇ ਖੇਡਿਆ ਗਿਆ ਮੁਕਾਬਲਾ ਡਰਾਅ ਰਿਹਾ। ਲਲਿਤ ਦੀ ਮਨਪਸੰਦ ਓਪਨਿੰਗ ਕੇਟਲਨ ਵਿਚ ਹੋਏ ਇਸ ਮੁਕਾਬਲੇ ਵਿਚ ਦੀਪਨ ਨੇ ਸ਼ੁਰੂਆਤ ਤੋਂ ਹੀ ਲਲਿਤ 'ਤੇ ਦਬਾਅ ਬਣਾਇਆ ਅਤੇ ਦੀਪਨ ਦੇ ਮੋਹਰਿਆਂ ਦੀ ਸ਼ਾਨਦਾਰ ਸਥਿਤੀ ਨੇ ਕਦੇ ਵੀ ਲਲਿਤ ਨੂੰ ਖੇਡ ਵਿਚ ਕੋਈ ਮੌਕਾ ਨਹੀਂ ਦਿੱਤਾ ਪਰ ਖੇਡ ਦੀਆਂ 30 ਚਾਲਾਂ ਤੋਂ ਬਾਅਦ ਜਦੋਂ ਦੀਪਨ ਆਪਣੇ ਵਜ਼ੀਰ ਅਤੇ ਹਾਥੀ ਦੀ ਸਥਿਤੀ ਵਿਚ ਥੋੜ੍ਹਾ ਹੋਰ ਬਦਲਾਅ ਕਰਦੇ ਹੋਏ ਖੇਡ ਵਿਚ ਹੋਰ ਵਧੀਆ ਕਰ ਸਕਦਾ ਸੀ ਪਰ ਇਸ ਤਰ੍ਹਾਂ ਨਹੀਂ ਕਰ ਸਕਿਆ ਅਤੇ ਇਸ ਨਾਲ ਲਲਿਤ ਨੂੰ ਸੰਭਲਣ ਦਾ ਮੌਕਾ ਮਿਲ ਗਿਆ। 
ਖੇਡ ਦੀ 34ਵੀਂ ਚਾਲ ਵਿਚ ਉਸ ਨੇ ਬੋਰਡ ਦੇ ਕੇਂਦਰ ਦਾ ਦੀਪਨ ਦਾ ਇਕ ਪਿਆਦਾ ਮਾਰ ਲਿਆ। ਇਸ ਤੋਂ ਬਾਅਦ ਮੋਹਰਿਆਂ ਦੀ ਲਗਾਤਾਰ ਅਦਲਾ-ਬਦਲੀ ਵਿਚਾਲੇ ਬੋਰਡ 'ਤੇ ਲਲਿਤ ਕੋਲ 5 ਪਿਆਦੇ, ਵਜ਼ੀਰ ਅਤੇ ਘੋੜਾ ਸੀ। ਦੀਪਨ ਕੋਲ ਵੀ ਇਹੀ ਮੋਹਰੇ ਸਨ ਬਸ ਇਕ ਪਿਆਦਾ ਘੱਟ ਸੀ। ਉਂਝ ਤਾਂ ਲਲਿਤ ਹੁਣ ਇਥੋਂ ਜਿੱਤ ਲਈ ਜ਼ੋਰ ਲਾ ਸਕਦਾ ਸੀ ਪਰ ਉਸ ਨੇ ਸੁਰੱਖਿਅਤ ਖੇਡਦੇ ਹੋਏ 56 ਚਾਲਾਂ ਵਿਚ ਮੈਚ ਨੂੰ ਡਰਾਅ ਕਰਨਾ ਬਿਹਤਰ ਸਮਝਿਆ। ਇਸ ਨਤੀਜੇ ਨਾਲ ਰੋਹਿਤ 7.5 ਅੰਕਾਂ 'ਤੇ ਆ ਗਿਆ ਅਤੇ ਸਭ ਤੋਂ ਅੱਗੇ ਬਣਿਆ ਹੋਇਆ ਹੈ। ਦੀਪਨ 6 ਅੰਕਾਂ 'ਤੇ ਅਤੇ ਤਕਨੀਕੀ ਤੌਰ 'ਤੇ ਹੁਣ ਉਸਦੀ ਪਕੜ 'ਚੋਂ ਖਿਤਾਬ ਦੂਰ ਨਜ਼ਰ ਆ ਰਿਹਾ ਹੈ।
ਅਰਵਿੰਦ ਚਿਦਾਂਬਰਮ ਨੇ ਸ਼ਿਆਮ ਨਿਖਿਲ ਉੱਪਰ ਜਿੱਤ ਨਾਲ ਆਪਣੇ ਖਿਤਾਬ ਜਿੱਤਣ ਦੀਆਂ ਸੰਭਾਵਨਾਵਾਂ ਬਣਾਈ ਰੱਖੀਆਂ। ਸ਼ਿਆਮ ਨਿਖਿਲ ਨੇ ਰੋਟੀ ਓਪਨਿੰਗ ਵਿਚ ਸ਼ੁਰੂਆਤ ਨਾਲ ਅਰਵਿੰਦ ਦੇ ਰਾਜੇ ਵੱਲ ਬੋਰਡ ਦੇ ਕੇਂਦਰ ਨਾਲ ਚੰਗਾ ਖੇਡ ਵਿਖਾਉਂਦੇ ਹੋਏ ਬੜ੍ਹਤ ਬਣਾ ਲਈ ਸੀ ਪਰ ਅਰਵਿੰਦ ਨੇ ਲਗਾਤਾਰ ਆਪਣੇ ਮੋਹਰਿਆਂ ਦੀ ਸਥਿਤੀ ਬਦਲਦੇ ਹੋਏ ਚੰਗਾ ਬਚਾਅ ਕੀਤਾ। ਉਥੇ ਹੀ ਸ਼ਿਆਮ ਨਿਖਿਲ ਲਗਾਤਾਰ ਚੰਗੀਆਂ ਚਾਲਾਂ ਤੋਂ ਖੁੰਝ ਰਿਹਾ ਸੀ। ਆਪਣੀ ਬੜ੍ਹਤ ਦਾ ਸਹੀ ਇਸਤੇਮਾਲ ਨਹੀਂ ਕਰ ਸਕਿਆ ਸੀ। ਇਸ ਦੇ ਮੋਹਰਿਆਂ ਵਿਚਾਲੇ ਤਾਲਮੇਲ ਦੀ ਕਮੀ ਨੂੰ ਸਮਝਦੇ ਹੋਏ ਅਰਵਿੰਦ ਨੇ ਲਗਾਤਾਰ ਆਪਣੇ ਮੋਹਰਿਆਂ ਦੀ ਸਥਿਤੀ ਨੂੰ ਸੁਧਾਰਨਾ ਜਾਰੀ ਰੱਖਿਆ। ਖੇਡ ਦੀ 38ਵੀਂ ਚਾਲ ਵਿਚ ਜਦੋਂ ਖੇਡ ਲੱਗਭਗ ਬਰਾਬਰੀ ਦੀ ਸਥਿਤੀ ਵਿਚ ਸੀ ਤਾਂ ਸ਼ਿਆਮ ਨਿਖਿਲ ਦੀ ਇਕ ਵੱਡੀ ਗਲਤੀ ਨੇ ਆਪਣੇ ਵਜ਼ੀਰ ਨੂੰ ਗੁਆ ਦਿੱਤਾ ਅਤੇ 40 ਚਾਲਾਂ ਵਿਚ ਆਪਣੀ ਹਾਰ ਮੰਨ ਲਈ। ਇਸ ਜਿੱਤ ਨਾਲ ਅਰਵਿੰਦ ਵੀ 7.5 ਅੰਕਾਂ 'ਤੇ ਪਹੁੰਚ ਗਿਆ। ਫਿਲਹਾਲ ਉਹ ਟਾਈਬ੍ਰੇਕ ਵਿਚ ਲਲਿਤ ਦੇ ਠੀਕ ਪਿੱਛੇ ਹੈ ਅਤੇ ਖਿਤਾਬ ਦੀ ਦੌੜ 'ਚ ਸ਼ਾਮਿਲ ਹੈ।