ਲਾਲ ਬਹਾਦੁਰ ਸ਼ਾਸਤਰੀ ਟੂਰਨਾਮੈਂਟ ਦਿੱਲੀ ਦੀ ਬਜਾਏ ਚੰਡੀਗੜ੍ਹ ''ਚ

12/10/2018 1:20:30 AM

ਨਵੀਂ ਦਿੱਲੀ (ਜ. ਬ.)- 29ਵਾਂ ਲਾਲ ਬਹਾਦੁਰ ਸ਼ਾਸਤਰੀ ਹਾਕੀ ਟੂਰਨਾਮੈਂਟ ਹਾਕੀ ਇੰਡੀਆ ਐਸੋਸੀਏਸ਼ਨ ਦੀ ਅੜਿੱਕੇਬਾਜ਼ੀ ਕਾਰਨ ਇਸ ਸਾਲ ਚੰਡੀਗੜ੍ਹ 'ਚ ਕਰਵਾਇਆ ਜਾਵੇਗਾ। 
ਜਾਣਕਾਰੀ ਅਨੁਸਾਰ ਇਸ ਦੇ ਲਈ ਸ਼ਿਵਾਜੀ ਸਟੇਡੀਅਮ ਵਿਚ ਦਸੰਬਰ 2018 ਦੀ ਬੁਕਿੰਗ ਕਰਵਾਈ ਗਈ ਸੀ ਪਰ ਹਾਕੀ ਇੰਡੀਆ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਇਸ ਦੀ ਸਫਾਈ ਠੀਕ ਨਹੀਂ ਹੈ। ਜਦੋਂ ਤੱਕ ਇਸ ਦੇ ਐਸਟ੍ਰੋਟਰਫ ਦੀ ਡੀਪ ਕਲੀਨਿੰਗ ਨਹੀਂ ਹੋਵੇਗੀ, ਉਦੋਂ ਤੱਕ ਇਸ ਟਰਫ ਨੂੰ ਮਾਨਤਾ ਨਹੀਂ ਦਿਆਂਗੇ। ਇਸ ਤੋਂ ਬਾਅਦ ਐੱਨ. ਡੀ. ਐੱਮ. ਸੀ. ਨੇ ਇਸ ਦੀ ਡੀਪ ਕਲੀਨਿੰਗ ਲਈ ਟੈਂਡਰ ਕੱਢਿਆ। 
ਇਸ ਵਿਚ ਹਾਕੀ ਇੰਡੀਆ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਨਰਿੰਦਰ ਬੱਤਰਾ (ਜੋ ਹੁਣ ਇੰਟਰਨੈਸ਼ਨਲ ਹਾਕੀ ਦੇ ਪ੍ਰਧਾਨ ਹਨ) ਦੇ ਮਿੱਤਰ ਰਾਜੀਵ ਦੀ ਕੰਪਨੀ ਨੇ ਅਰਜ਼ੀ ਦਿੱਤੀ ਪਰ ਉਸ ਨੇ ਕਿਹਾ ਕਿ ਉਸ ਕੋਲ ਦਸੰਬਰ ਤੱਕ ਡੀਪ ਕਲੀਨਿੰਗ ਕਰਨ ਦਾ ਸਮਾਂ ਨਹੀਂ ਹੈ। ਜਦੋਂ ਤੱਕ ਉਸ ਦੀ ਕੰਪਨੀ ਸਫਾਈ ਕਰ ਕੇ ਸਫਾਈ ਹੋ ਜਾਣ ਦਾ ਪ੍ਰਮਾਣ ਪੱਤਰ ਨਹੀਂ ਦਿੰਦੀ, ਉਦੋਂ ਤੱਕ ਹਾਕੀ ਇੰਡੀਆ ਉਥੇ ਉਸ ਸਟੇਡੀਅਮ ਨੂੰ ਸਾਫ ਹੋਇਆ ਮੰਨ ਕੇ ਟੂਰਨਾਮੈਂਟ ਕਰਨ ਦੀ ਇਜਾਜ਼ਤ ਨਹੀਂ ਦਿੰਦਾ। 
ਉਥੇ ਹੀ ਇਸ ਤੋਂ ਪਰੇਸ਼ਾਨ ਟੂਰਨਾਮੈਂਟ ਕਰਵਾਉਣ ਵਾਲੀ ਸੰਸਥਾ ਨੇ ਪਹਿਲੀ ਵਾਰ ਟੂਰਨਾਮੈਂਟ ਦਿੱਲੀ ਤੋਂ ਬਾਹਰ ਹਾਕੀ ਦੇ ਗੜ੍ਹ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ 'ਚ ਕਰਵਾਉਣ ਦਾ ਫੈਸਲਾ ਕੀਤਾ ਹੈ। ਇਹ ਹੁਣ ਚੰਡੀਗੜ੍ਹ ਦੇ ਸੈਕਟਰ 42, ਸਪੋਰਟਸ ਕੰਪਲੈਕਸ ਵਿਚ 17 ਤੋਂ 23 ਦਸੰਬਰ ਤੱਕ ਚੱਲੇਗਾ। 29 ਸਾਲ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਦਿੱਲੀ ਤੋਂ ਬਾਹਰ ਹੋ ਰਿਹਾ ਹੈ। ਇਸ ਬਾਰੇ ਹਾਕੀ ਖਿਡਾਰੀ ਸਾਬਕਾ ਓਲੰਪੀਅਨ ਤੇ ਸਾਬਕਾ ਮੰਤਰੀ ਅਸਲਮ ਸ਼ੇਰ ਖਾਨ ਦਾ ਕਹਿਣਾ ਹੈ ਕਿ ਹਾਕੀ ਨੂੰ ਬੜ੍ਹਾਵਾ ਦੇਣ ਵਿਚ ਅੱਜ ਵੀ ਹਰ ਪਾਸੇ ਬਹੁਤ ਅੜਿੱਕੇਬਾਜ਼ੀ ਤੇ ਭ੍ਰਿਸ਼ਟਾਚਾਰ ਹੈ। ਇਹ ਦਿਨ-ਬ-ਦਿਨ ਵਧਦਾ ਹੀ ਜਾ ਰਿਹਾ ਹੈ। ਇਸ ਦੇ ਸੁਧਾਰ ਲਈ ਹਰ ਪੱਧਰ 'ਤੇ ਈਮਾਨਦਾਰੀ ਨਾਲ ਕੋਸ਼ਿਸ਼ ਕਰਨ ਤੇ ਸਖਤ ਫੈਸਲੇ ਲੈਣ ਦੀ ਜ਼ਰੂਰਤ ਹੈ।