BWF ਰੈਂਕਿੰਗ ''ਚ ਲਕਸ਼ਯ ਸੇਨ ਨੇ ਮੁੜ ਛੇਵਾਂ ਸਥਾਨ ਕੀਤਾ ਹਾਸਲ

11/29/2022 4:43:49 PM

ਨਵੀਂ ਦਿੱਲੀ (ਭਾਸ਼ਾ)- ਸਟਾਰ ਭਾਰਤੀ ਬੈਡਮਿੰਟਨ ਖਿਡਾਰੀ ਲਕਸ਼ਯ ਸੇਨ ਮੰਗਲਵਾਰ ਨੂੰ ਜਾਰੀ ਤਾਜ਼ਾ BWF ਵਿਸ਼ਵ ਰੈਂਕਿੰਗ 'ਚ ਦੋ ਸਥਾਨਾਂ ਦੇ ਫ਼ਾਇਦੇ ਨਾਲ ਕਰੀਅਰ ਦੇ ਸਰਵੋਤਮ ਛੇਵੇਂ ਸਥਾਨ 'ਤੇ ਪਹੁੰਚ ਗਏ। ਅਲਮੋੜਾ ਦੇ 21 ਸਾਲਾ ਲਕਸ਼ੈ ਨੇ ਮੌਜੂਦਾ ਸੀਜ਼ਨ 'ਚ 23 ਟੂਰਨਾਮੈਂਟਾਂ 'ਚੋਂ 75,024 ਅੰਕ ਹਾਸਲ ਕੀਤੇ ਹਨ। ਕਿਦਾਂਬੀ ਸ਼੍ਰੀਕਾਂਤ ਅਤੇ ਐੱਚ.ਐੱਸ. ਪ੍ਰਣਯ ਕ੍ਰਮਵਾਰ 11ਵੇਂ ਅਤੇ 12ਵੇਂ ਸਥਾਨ 'ਤੇ ਬਰਕਰਾਰ ਰਹੇ। ਤ੍ਰਿਸ਼ਾ ਜੌਲੀ ਅਤੇ ਗਾਇਤਰੀ ਗੋਪੀਚੰਦ ਦੀ ਮਹਿਲਾ ਡਬਲਜ਼ ਜੋੜੀ ਦੋ ਸਥਾਨਾਂ ਦੇ ਫਾਇਦੇ ਨਾਲ ਸਿਖ਼ਰਲੇ 20 ਵਿੱਚ ਸ਼ਾਮਲ ਹੋ ਗਈ ਹੈ।

ਇਹ ਜੋੜੀ ਫਿਲਹਾਲ ਵਿਸ਼ਵ ਰੈਂਕਿੰਗ 'ਚ 19ਵੇਂ ਸਥਾਨ 'ਤੇ ਹੈ। ਬਰਮਿੰਘਮ ਰਾਸ਼ਟਰਮੰਡਲ ਖੇਡਾਂ ਦੀ ਇਸ ਕਾਂਸੀ ਤਮਗਾ ਜੇਤੂ ਜੋੜੀ ਦੇ 17 ਟੂਰਨਾਮੈਂਟਾਂ ਵਿੱਚ 46,020 ਅੰਕ ਹਨ। ਫ੍ਰੈਂਚ ਓਪਨ ਅਤੇ ਰਾਸ਼ਟਰਮੰਡਲ ਖੇਡਾਂ ਦੇ ਚੈਂਪੀਅਨ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਜੋੜੀ ਪੁਰਸ਼ ਡਬਲਜ਼ 'ਚ ਸੱਤਵੇਂ ਸਥਾਨ 'ਤੇ ਕਾਇਮ ਹੈ। ਇਸ਼ਾਨ ਭਟਨਾਗਰ ਅਤੇ ਤਨੀਸ਼ਾ ਕ੍ਰਾਸਟੋ ਦੀ ਮਿਕਸਡ ਡਬਲਜ਼ ਜੋੜੀ ਵੀ 24ਵੇਂ ਸਥਾਨ 'ਤੇ ਬਰਕਰਾਰ ਹੈ। ਗਿੱਟੇ ਦੀ ਸੱਟ ਕਾਰਨ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਤੋਂ ਬਾਅਦ ਕਿਸੇ ਵੀ ਟੂਰਨਾਮੈਂਟ ਵਿੱਚ ਨਾ ਖੇਡਣ ਵਾਲੀ ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਵਿਸ਼ਵ ਰੈਂਕਿੰਗ ਵਿੱਚ ਛੇਵੇਂ ਸਥਾਨ ’ਤੇ ਕਾਇਮ ਹੈ।

cherry

This news is Content Editor cherry