ਲਾਬੂਚਾਨੇ ਦੇ ਸੈਂਕੜੇ ਨਾਲ ਆਸਟਰੇਲੀਆ ਦੀ ਮਜ਼ਬੂਤ ਸ਼ੁਰੂਆਤ

12/13/2019 12:13:26 PM

ਸਪੋਰਸਟ ਡੈਸਕ— ਬਿਹਤਰੀਨ ਫਾਰਮ 'ਚ ਚੱਲ ਰਹੇ ਆਸਟਰੇਲੀਆਈ ਬੱਲੇਬਾਜ਼ ਮਾਰਨਸ ਲਾਬੂਚਾਨੇ ਦੇ ਲਗਾਤਾਰ ਤੀਜੇ ਟੈਸਟ ਸੈਂਕੜੇ ਨੇ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਨੂੰ ਪਹਿਲੇ ਟੈਸਟ ਕ੍ਰਿਕਟ ਮੈਚ ਦੇ ਸ਼ੁਰੂਆਤੀ ਦਿਨ ਵੀਰਵਾਰ ਨੂੰ ਇਥੇ ਹਾਵੀ ਨਹੀਂ ਹੋਣ ਦਿੱਤਾ। ਪਰਥ 'ਚ ਪਹਿਲੇ ਦਿਨ ਡੇਅ-ਨਾਈਟ  ਮੈਚ 'ਚ ਆਸਟਰੇਲੀਆ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਕੀਤਾ। ਉਸ ਨੇ ਕੁਝ ਚੁਣੌਤੀਪੂਰਨ ਗੇਂਦਬਾਜ਼ੀ ਦਾ ਸਾਹਮਣਾ ਕਰਨ ਤੋਂ ਬਾਅਦ ਪਹਿਲੇ ਦਿਨ ਦੀ ਖੇਡ ਖਤਮ ਹੋਣ ਤੋਂ ਬਾਅਦ 4 ਵਿਕਟਾਂ 'ਤੇ 248 ਦੌੜਾਂ ਦਾ ਮਜ਼ਬੂਤ ਸਕੋਰ ਬਣਾ ਲਿਆ।

ਲਗਭਗ 40 ਡਿਗਰੀ ਤਾਪਮਾਨ 'ਚ ਪਸੀਨਾ ਵਹਾਉਣ ਤੋਂ ਬਾਅਦ ਕੀਵੀ ਗੇਂਦਬਾਜ਼ਾਂ ਨੇ ਬਾਅਦ 'ਚ ਸਟੀਵ ਸਮਿਥ (43) ਤੇ ਮੈਥਿਊ ਵੇਡ (12) ਨੂੰ ਆਊਟ ਕਰਕੇ ਵਾਪਸੀ ਕੀਤੀ। ਲਾਬੂਚਾਨੇ ਹਾਲਾਂਕਿ ਚੱਟਾਨ ਦੀ ਤਰ੍ਹਾਂ ਡਟਿਆ ਹੋਇਆ ਹੈ। ਉਸ ਨੇ ਹੁਣ ਤਕ 110 ਦੌੜਾਂ ਬਣਾਈਆਂ ਹਨ। ਉਸਦੇ ਨਾਲ ਟ੍ਰੇਵਿਸ ਹੈੱਡ 20 ਦੌੜਾਂ ਬਣਾ ਕੇ ਖੇਡ ਰਿਹਾ ਹੈ। ਗਰਮੀ ਵੱਧ ਹੋਣ ਕਾਰਣ ਆਸਟਰੇਲੀਆਈ ਬੱਲੇਬਾਜ਼ਾਂ ਲਈ ਬੱਲੇਬਾਜ਼ੀ ਕਰਨਾ ਆਸਾਨ ਨਹੀਂ ਰਿਹਾ ਪਰ ਲਾਬੂਚਾਨੇ 'ਤੇ ਇਸਦਾ ਅਸਰ ਨਹੀਂ ਪਿਆ ਤੇ ਉਸ ਨੇ ਬੇਦਾਗ ਪਾਰੀ ਖੇਡੀ। ਇਸ ਸਾਲ ਟੈਸਟ ਕ੍ਰਿਕਟ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ 25 ਸਾਲਾ ਬੱਲੇਬਾਜ਼ ਨੇ ਇਸ ਸਭ ਤੋਂ ਲੰਬੇ ਫਾਰਮੈਟ 'ਚ 1000 ਦੌੜਾਂ ਵੀ ਪੂਰੀਆਂ ਕੀਤੀਆਂ। ਏਸ਼ੇਜ਼ ਦੌਰਾਨ ਸਮਿਥ ਦੇ ਜ਼ਖਮੀ ਹੋਣ ਕਾਰਣ ਟੀਮ 'ਚ ਜਗ੍ਹਾ ਬਣਾਉਣ ਵਾਲੇ ਲਾਬੂਚਾਨੇ ਨੇ ਇਸ ਤੋਂ ਪਹਿਲਾਂ ਪਾਕਿਸਤਾਨ ਵਿਰੁੱਧ ਦੋਵਾਂ ਟੈਸਟ ਮੈਚਾਂ 'ਚ ਸੈਂਕੜੇ ਲਾਏ ਸਨ।
ਨਿਊਜ਼ੀਲੈਂਡ ਵਿਰੁੱਧ ਉਸ ਨੇ ਸਪਿਨਰ ਮਿਸ਼ੇਲ ਸੈਂਟਨਰ 'ਤੇ ਛੱਕਾ ਲਾ ਕੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਦੂਜੇ ਪਾਸੇ ਸਟਾਰ ਬੱਲੇਬਾਜ਼ ਸਮਿਥ ਜੂਝਦਾ ਹੋਇਆ ਨਜ਼ਰ ਆਇਆ ਤੇ ਉਸ ਨੇ ਆਪਣੀਆਂ 43 ਦੌੜਾਂ ਲਈ 164 ਗੇਂਦਾਂ ਖੇਡੀਆਂ। ਨੀਲ ਵੈਗਨਰ (52 ਦੌੜਾਂ 'ਤੇ 2 ਵਿਕਟਾਂ) ਨੇ ਉਸ ਨੂੰ ਪੈਵੇਲੀਅਨ ਭੇਜਿਆ। ਵੈਗਨਰ ਨੇ ਇਸ ਤੋਂ ਪਹਿਲਾਂ ਡੇਵਿਡ ਵਾਰਨਰ (43) ਦਾ ਆਪਣੀ ਹੀ ਗੇਂਦ 'ਤੇ ਖੂਬਸੂਰਤ ਕੈਚ ਕੀਤਾ ਸੀ। ਜੋ ਬਰਨਸ (9) ਆਊਟ ਹੋਣ ਵਾਲਾ ਪਹਿਲਾ ਬੱਲੇਬਾਜ਼ ਸੀ।