ਅਸ਼ਵਿਨ ਨੂੰ ਲੈ ਕੇ ਨਹੀਂ ਲਿਆ ਅਜੇ ਕੋਈ ਆਖਰੀ ਫੈਸਲਾ, ਕੁੰਬਲੇ ਨੇ ਦਿੱਤਾ ਵੱਡਾ ਬਿਆਨ

10/17/2019 12:38:32 PM

ਸਪੋਰਟਸ ਡੈਸਕ—ਇੰਡੀਅਨ ਪ੍ਰੀਮੀਅਰ ਲੀਗ ਫ੍ਰੈਂਚਾਇਜ਼ੀ ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਰਵਿਚੰਦਰਨ ਅਸ਼ਵਿਨ ਦੇ ਭਵਿੱਖ ਨੂੰ ਲੈ ਕੇ ਪ੍ਰੇਸ਼ਾਨੀਆਂ ਦਾ ਦੌਰ ਜਾਰੀ ਹੈ । ਹਾਲ ਹੀ 'ਚ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ) ਦੀ ਫ੍ਰੈਂਚਾਇਜ਼ੀ ਕਿੰਗਜ਼ ਇਲੈਵਨ ਪੰਜਾਬ ਦੇ ਡਾਇਰੈਕਟਰ ਆਫ ਕ੍ਰਿਕਟ ਆਪਰੇਸ਼ਨ ਨਿਯੁਕਤ ਕੀਤੇ ਗਏ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਕੋਚ ਅਨਿਲ ਕੁੰਬਲੇ ਨੇ ਅਸ਼ਵਿਨ ਦੀ ਕਪਤਾਨੀ ਨੂੰ ਲੈ ਕੇ ਇਕ ਵੱਡਾ ਬਿਆਨ ਦੇ ਦਿੱਤਾ ਹੈ।

ਅਸ਼ਵਿਨ ਦੀ ਕਪਤਾਨੀ 'ਤੇ ਕੁੰਬਲੇ ਨੇ ਕਿਹਾ
ਅਨਿਲ ਕੁੰਬਲੇ ਇਥੇ ਟੀਮ ਦੀ ਨਵੀਂ ਜਰਸੀ ਦੇ ਲਾਂਚ ਹੋਣ ਦੇ ਮੌਕੇ 'ਤੇ ਕਿਹਾ ਕਿ ਕਿੰਗਜ਼ ਇਲੈਵਨ ਪੰਜਾਬ ਨੇ ਆਰ ਅਸ਼ਵਿਨ ਨੂੰ ਆਪਣੀ ਟੀਮ 'ਚ ਬਰਕਰਾਰ ਜਰੂਰ ਰੱਖਿਆ ਹੈ ਪਰ ਉਨ੍ਹਾਂ ਦੀ ਕਪਤਾਨੀ 'ਤੇ ਹੁਣ ਤਕ ਫੈਸਲਾ ਨਹੀਂ ਹੋਇਆ ਹੈ। ਅਨਿਲ ਕੁੰਬਲੇ ਨੇ ਅਸ਼ਵਿਨ ਦੇ ਮੁੱਦੇ 'ਤੇ ਕਿਹਾ ਕਿ ਅਸੀਂ ਅਜੇ ਕੋਈ ਫੈਸਲਾ ਨਹੀਂ ਕੀਤਾ ਹੈ। ਕੁਝ ਫੈਸਲੇ ਕਰਨੇ ਜਰੂਰੀ ਹੁੰਦੇ ਹਨ ਪਰ ਅਜੇ ਸਾਨੂੰ ਇਸ 'ਤੇ ਫ਼ੈਸਲਾ ਲੈਣ ਦੀ ਜ਼ਰੂਰਤ ਨਹੀਂ ਹੈ। ਆਈ. ਪੀ. ਐੱਲ. ਅਜੇ ਪੰਜ ਮਹੀਨਿਆਂ ਬਾਅਦ ਹੋਣਾ ਹੈ। ਅਜੇ ਨੀਲਾਮੀਆਂ ਹੋਣਗੀਆਂ ਅਤੇ ਅਸੀਂ ਉੱਥੋਂ ਆਪਣੀ ਟੀਮ ਤਿਆਰ ਕਰਨੀ ਸ਼ੁਰੂ ਕਰਾਂਗੇ। ਕੁੰਬਲੇ ਨੇ ਕਿਹਾ, ਅਸ਼ਵਿਨ ਦੇ ਬੀਤੇ ਦੋ ਸਾਲ ਸ਼ਾਨਦਾਰ ਰਹੇ ਪਰ ਅਸੀਂ ਅਨੁਕੂਲ ਨਤੀਜੇ ਹਾਸਲ ਨਹੀਂ ਕਰ ਸਕੇ। ਹਾਲਾਂਕਿ ਅਸੀਂ ਅਜੇ ਤਕ ਫੈਸਲਾ ਨਹੀਂ ਕੀਤਾ ਹੈ ਕਿ ਕੌਣ ਅਗਲਾ ਕਪਤਾਨ ਹੋਵੇਗਾ।
 

ਕੁੰਬਲੇ ਨੂੰ ਆਈ.ਪੀ. ਐੱਲ. ਦਾ ਲੰਬਾ ਅਨੁਭਵ
ਕੁੰਬਲੇ ਨੇ ਇਕ ਪ੍ਰੈਸ ਨਾਲ ਗਲਬਾਤ ਦੇ ਦੌਰਾਨ ਅਸ਼ਵਿਨ 'ਤੇ ਗੱਲ ਕਰਦੇ ਹੋਏ ਕਿਹਾ ਕਿ ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰ. ਸੀ. ਬੀ.) ਨਾਲ ਅਸੀਂ ਖਿਤਾਬ ਨਹੀਂ ਜਿੱਤ ਸਕੇ ਪਰ ਅਸੀਂ ਤਕਰੀਬਨ ਦੋ ਵਾਰ ਇੱਕਠੇ ਖੇਡੇ ਹਾਂ। ਹੁਣ ਮੈਂ ਕੋਚ ਦੇ ਰੂਪ 'ਚ ਆਇਆ ਹਾਂ ਅਤੇ ਪੂਰੀ ਤਰ੍ਹਾਂ ਨਾਲ ਮਦਦ ਕਰਾਂਗਾ। ਕੁੰਬਲੇ ਨੇ ਕਿਹਾ ਕਿ ਤੁਸੀਂ ਇਕ ਕੋਚ ਦੇ ਰੂਪ 'ਚ ਜਾਂ ਇਕ ਖਿਡਾਰੀ ਦੇ ਰੂਪ 'ਚ ਪਿਛਲੇ ਅਨੁਭਵਾਂ ਨਾਲ ਸਿੱਖਦੇ ਹੋ, ਪਰ ਆਈ. ਪੀ. ਐੱਲ. ਇਕ ਰੋਲਰਕੋਸਟਰ ਦੀ ਸਵਾਰੀ ਹੈ। ਤੁਹਾਨੂੰ ਸਬਰ ਰੱਖਣਾ ਹੋਵੇਗਾ ਅਤੇ ਫਿਰ ਆਪਣੇ ਕੋਲ ਮੌਜੂਦ ਖਿਡਾਰੀਆਂ ਦਾ ਸਾਥ ਦੇਣਾ ਹੁੰਦਾ ਹੈ।

ਪਹਿਲੀ ਟਰਾਫੀ ਜਿੱਤਣਾ ਹੀ ਆਖਰੀ ਟੀਚਾ
ਨੌਜਵਾਨ ਕ੍ਰਿਕਟਰਾਂ ਤੇ ਕੁੰਬਲੇ ਨੇ ਕਿਹਾ- ਸਾਡੇ ਕੋਲ ਅਸਲ 'ਚ ਚੰਗੀ ਨੌਜਵਾਨ ਟੀਮ ਹੈ। ਥੋੜ੍ਹੇ ਹੋਰ ਅਨੁਭਵ ਦੀ ਜ਼ਰੂਰਤ ਹੈ। ਸਾਡੇ ਕੋਲ ਕ੍ਰਿਸ ਹੈ ਜੋ ਦੁਨੀਆ ਦਾ ਸਭ ਤੋਂ ਖ਼ੁਰਾਂਟ ਖਿਡਾਰੀ ਹੈ। ਪਰ ਹਾਂ, ਅਸੀਂ ਜਲਦ ਹੀ ਫੈਸਲੇ ਲਵਾਂਗੇ ਅਤੇ ਅੱਗੇ ਆਉਣ ਵਾਲੇ ਰੱਸਤਿਆਂ ਲਈ ਰਣਨੀਤੀ ਤਿਆਰ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਆਈ. ਪੀ. ਐੱਲ. 'ਚ 2014 'ਚ ਉਨ੍ਹਾਂ ਨੂੰ ਫਾਈਨਲ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਲਈ ਪਹਿਲੀ ਟਰਾਫੀ ਜਿੱਤਣਾ ਹੀ ਉਨ੍ਹਾਂ ਦਾ ਆਖਰੀ ਟੀਚਾ ਹੈ।