ਕੁਲਦੀਪ ਯਾਦਵ ਟੈਸਟ ਟੀਮ ਤੋਂ ਬਾਹਰ, ਇਸ ਖਿਡਾਰੀ ਨੂੰ ਕੀਤਾ ਗਿਆ ਸ਼ਾਮਲ

03/07/2022 5:23:13 PM

ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਟੀਮ ਪ੍ਰਬੰਧਨ ਨੇ ਕੁਲਦੀਪ ਯਾਦਵ ਨੂੰ ਟੈਸਟ ਟੀਮ ਤੋਂ ਰਿਲੀਜ਼ ਕਰ ਦਿੱਤਾ ਹੈ। ਰਿਪੋਰਟ ਦੇ ਮੁਤਾਬਕ ਖੱਬੇ ਹੱਥ ਦੇ ਸਪਿਨ ਆਲਰਾਊਂਡਰ ਅਕਸ਼ਰ ਪਟੇਲ ਦੇ ਪੂਰੀ ਤਰ੍ਹਾਂ ਫਿੱਟ ਹੋਣ ਦੇ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ। ਸਮਝਿਆ ਜਾਂਦਾ ਹੈ ਕਿ ਅਕਸ਼ਰ ਮੋਹਾਲੀ 'ਚ ਭਾਰਤੀ ਟੀਮ 'ਚ ਸ਼ਾਮਲ ਹੋ ਗਏ ਹਨ ਜਿੱਥੇ ਭਾਰਤ ਨੇ ਸ਼੍ਰੀਲੰਕਾ ਖ਼ਿਲਾਫ਼ ਪਹਿਲਾ ਟੈਸਟ ਮੈਚ ਪਾਰੀ ਤੇ 222 ਦੌੜਾਂ ਨਾਲ ਐਤਵਾਰ ਨੂੰ ਜਿੱਤ ਲਿਆ ਸੀ। 27 ਸਾਲਾ ਕੁਲਦੀਪ ਨੂੰ ਹਾਲਾਂਕਿ ਮੂਲ ਰੂਪ ਨਾਲ ਅਕਸ਼ਰ ਦੇ ਬੈਕ-ਅਪ ਦੇ ਤੌਰ 'ਤੇ ਨਹੀਂ ਚੁਣਿਆ ਗਿਆ ਸੀ। 

ਇਹ ਵੀ ਪੜ੍ਹੋ : ਸਪੈਨਿਸ਼ ਪੈਰਾ ਬੈਡਮਿੰਟਨ 'ਚ ਭਾਰਤੀਆਂ ਦੀ ਬੱਲੇ-ਬੱਲੇ, ਭਗਤ ਅਤੇ ਕਦਮ ਨੇ ਜਿੱਤੇ ਸੋਨ ਤਮਗ਼ੇ

ਟੀਮ ਪ੍ਰਬੰਧਨ ਦਾ ਮੰਨਣਾ ਹੈ ਕਿ ਤਿੰਨ ਖੱਬੇ ਹੱਥ ਦੇ ਸਪਿਨਰਾਂ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਰਵਿੰਦਰ ਜਡੇਜਾ ਵੀ ਟੀਮ ਦਾ ਹਿੱਸਾ ਹਨ। ਇਸ ਤੋਂ ਇਲਾਵਾ 18 ਮੈਂਬਰੀ ਟੀਮ 'ਚ ਰਵੀਚੰਦਰਨ ਅਸ਼ਵਿਨ ਤੇ ਜਯੰਤ ਯਾਦਵ ਦੇ ਰੂਪ 'ਚ ਦੋ ਹੋਰ ਸਪਿਨਰ ਹਨ। ਇਸ ਦੌਰਾਨ, ਭਾਰਤੀ ਟੀਮ ਪ੍ਰਬੰਧਨ ਨੇ ਦੂਜੇ ਬੱਲੇਬਾਜ਼ੀ ਕੋਚ ਅਪੂਰਵਾ ਦੇਸਾਈ, ਟ੍ਰੇਨਰ ਆਨੰਦ ਦਾਤੇ ਅਤੇ ਫਿਜ਼ੀਓ ਪਾਰਥੋ ਨੂੰ ਵੀ ਰਿਲੀਜ਼ ਕੀਤਾ ਹੈ, ਹਾਲਾਂਕਿ ਸਾਬਕਾ ਭਾਰਤੀ ਸਪਿਨਰ ਸਾਈਰਾਜ ਬਹੂਤੁਲੇ ਦੂਜੇ ਟੈਸਟ ਲਈ ਵੀ ਟੀਮ ਦੇ ਨਾਲ ਬਣੇ ਰਹਿਣਗੇ।

ਜ਼ਿਕਰਯੋਗ ਹੈ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ 20 ਫਰਵਰੀ ਨੂੰ ਸ਼੍ਰੀਲੰਕਾ ਦੇ ਖ਼ਿਲਾਫ਼ ਦੋ ਮੈਚਾਂ ਦੀ ਟੈਸਟ ਸੀਰੀਜ਼ ਦੇ ਲਈ ਟੀਮ ਦਾ ਐਲਾਨ ਕਰਦੇ ਹੋਏ ਕਿਹਾ ਸੀ ਕਿ ਅਕਸ਼ਰ ਪਟੇਲ ਇਸ ਸਮੇਂ ਰਿਹੈਬਲੀਟੇਸ਼ਨ ਦੇ ਦੌਰ ਤੋਂ ਗੁਜ਼ਰ ਰਹੇ ਹਨ ਤੇ ਸ਼੍ਰੀਲੰਕਾ ਦੇ ਖ਼ਿਲਾਫ਼ ਪਹਿਲੇ ਟੈਸਟ ਲਈ ਚੋਣ ਲਈ ਉਪਲੱਬਧ ਨਹੀਂ ਰਹਿਣਗੇ। ਦੂਜੇ ਟੈਸਟ 'ਚ ਉਨ੍ਹਾਂ ਦੀ ਹਿੱਸੇਦਾਰੀ ਨੂੰ ਲੈ ਕੇ ਅੰਦਾਜ਼ਾ ਲਾਇਆ ਜਾਵੇਗਾ ਤੇ ਫਿਰ ਫ਼ੈਸਲਾ ਕੀਤਾ ਜਾਵੇਗਾ।

ਦਸੰਬਰ 'ਚ ਨਿਊਜ਼ੀਲੈਂਡ ਦੇ ਖ਼ਿਲਾਫ਼ ਮੁੰਬਈ ਟੈਸਟ ਦੇ ਬਾਅਦ ਤੋਂ ਐਕਸ਼ਨ ਤੋਂ ਬਾਹਰ ਅਕਸ਼ਰ ਸ਼੍ਰੀਲੰਕਾ ਦੇ ਖ਼ਿਲਾਫ਼ 13 ਮਾਰਚ ਤੋਂ ਬੈਂਗਲੁਰੂ 'ਚ ਹੋਣ ਵਾਲੇ ਦੂਜੇ ਡੇ-ਨਾਈਟ ਟੈਸਟ ਲਈ ਉਪਲੱਬਧ ਹਨ। ਭਾਰਤ ਨੇ ਸ਼੍ਰੀਲੰਕਾ ਦੇ ਖ਼ਿਲਾਫ਼ ਮੋਹਾਲੀ 'ਚ ਪਹਿਲਾ ਟੈਸਟ ਮੈਚ ਤਿੰਨ ਦਿਨ ਦੇ ਅੰਦਰ ਹੀ ਜਿੱਤ ਲਿਆ, ਪਰ ਭਾਰਤੀ ਟੀਮ ਬੁੱਧਵਾਰ ਤਕ ਮੋਹਾਲੀ 'ਚ ਹੀ ਰਹੇਗੀ ਤੇ ਫਿਰ ਬੈਂਗਲੂਰ ਲਈ ਉਡਾਣ ਭਰੇਗੀ।

ਇਹ ਵੀ ਪੜ੍ਹੋ : IND vs SL : ਮੋਹਾਲੀ ਟੈਸਟ ਜਿੱਤ ਕੇ ਬੋਲੇ ਰੋਹਿਤ- ਮੈਚ ਦਾ ਮੁੱਖ ਆਕਰਸ਼ਣ ਜਡੇਜਾ ਰਹੇ

ਦੂਜੇ ਟੈਸਟ ਮੈਚ ਲਈ ਭਾਰਤੀ ਟੀਮ : ਰੋਹਿਤ ਸ਼ਰਮਾ (ਕਪਤਾਨ), ਜਸਪ੍ਰੀਤ ਬੁਮਰਾਹ (ਉਪ ਕਪਤਾਨ), ਵਿਰਾਟ ਕੋਹਲੀ, ਮਯੰਕ ਅਗਰਵਾਲ, ਸ਼੍ਰੇਅਸ ਅਈਅਰ, ਹਨੁਮਾ ਵਿਹਾਰੀ, ਸ਼ੁਭਮਨ ਗਿੱਲ, ਰਿਸ਼ਭ ਪੰਤ (ਵਿਕਟਕੀਪਰ), ਕੇ. ਐੱਸ. ਭਰਤ, ਰਵਿੰਦਰ ਜਡੇਜਾ, ਪ੍ਰਿਆਂਕ ਪਾਂਚਾਲ, ਜਯੰਤ ਯਾਦਵ, ਰਵੀਚੰਦਰਨ ਅਸ਼ਵਿਨ (ਫਿੱਟਨੈਸ ਕਲੀਅਰੈਂਸ ਦੇ ਅਧੀਨ), ਅਕਸ਼ਰ ਪਟੇਲ, ਮੁਹੰਮਦ ਸਿਰਾਜ, ਉਮੇਸ਼ ਯਾਦਵ, ਮੁਹੰਮਦ ਸ਼ੰਮੀ, ਸੌਰਭ ਕੁਮਾਰ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 

Tarsem Singh

This news is Content Editor Tarsem Singh